ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਸਥਿਤ ਸਭਾ ਦੇ ਦਫ਼ਤਰ ਵਿਖੇ ਉਘੇ ਸਾਹਿਤਕਾਰਾਂ ਵੱਲੋਂ ਸਾਹਿਤਕ ਸਮਾਗਮ ਕੀਤਾ ਗਿਆ। ਜਿਸ 'ਚ ਉੱਘੇ ਲੇਖਕ ਅਤੇ ਸਮਾਜ ਸੇਵੀ ਜਗਦੀਸ਼ ਸਿੰਘ ਹਵੇਲੀ (ਰੋਪੜ) ਦਾ ਵਿਸ਼ੇਸ਼ ਤੌਰ 'ਤੇ ਸੰਸਥਾ ਦੇ ਦਫ਼ਤਰ ਪਹੁੰਚਣ 'ਤੇ ਸਨਮਾਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੂੰ ਸਭਾ ਦੇ ਪ੍ਰਧਾਨ ਬਹਾਦਰ ਸਿੰਘ 'ਗੋਸਲ' ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰਾ, ਸਲਾਹਕਾਰ ਬੀਬੀ ਨਵਰੂਪ ਕੌਰ ਵੱਲੋਂ ਇਕ ਸ਼ਾਲ ਅਤੇ ਪਿ੍ਰੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਰਚਿਤ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਬਹਾਦਰ ਸਿੰਘ ਗੋਸਲ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਦੇ ਹੋਏ, ਸਨਮਾਨਿਤ ਸ਼ਖਸੀਅਤ ਜਗਦੀਸ਼ ਸਿੰਘ ਹਵੇਲੀ ਬਾਰੇ ਉਨ੍ਹਾਂ ਦੇ ਸਾਹਿਤ ਅਤੇ ਸਮਾਜ ਸੇਵਾ ਲਈ ਕੀਤੇ ਕੰਮਾਂ ਦਾ ਵਿਸਥਾਰ ਵਿਚ ਚਾਨਣਾ ਪਾਇਆ, ਇਸ ਮੌਕੇ 'ਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ, ਬਲਵਿੰਦਰ ਸਿੰਘ, ਗੀਤਕਾਰ ਭੁਪਿੰਦਰ ਮਟੌਰੀਆ ਅਤੇ ਕਪੂਰ ਸਿੰਘ ਖਾਨਪੁਰੀ ਹਾਜ਼ਰ ਸਨ।

ਸਮਾਗਮ ਉਸ ਸਮੇਂ ਸ਼ਿਖਰ 'ਤੇ ਪਹੁੰਚ ਗਿਆ, ਜਦੋਂ ਉਘੇ ਗਾਇਕ ਜਗਤਾਰ ਸਿੰਘ ਜੋਗ ਵੱਲੋਂ ਪਿ੍ਰੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਰਚਿਤ ''ਓਪਨ ਸਕੂਲ ਦੀਆਂ ਬੋਲੀਆਂ'', ਜੋ ਕਿ ਓਪਨ ਸਕੂਲਾਂ ਦੀ ਮਹੱਤਤਾ ਨੂੰ ਦਸਦਾ ਗਾਕੇ, ਸੁਣਾਇਆ ਗਿਆ। ਸਾਹਿਤਕਾਰਾਂ ਵੱਲੋਂ ਇਸ ਗੀਤ ਦੀ ਤਾੜੀਆਂ ਮਾਰਕੇ ਖੂਬ ਪ੍ਰਸੰਸਾ ਕੀਤੀ ਗਈ। ਭੁਪਿੰਦਰ ਸਿੰਘ ਭਾਗੋਮਾਜਰੀਆ ਵੱਲੋਂ ਸ. ਜਗਦੀਸ਼ ਸਿੰਘ ਹਵੇਲੀ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।

ਇਸ ਸਮਾਗਮ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਮਿਤੀ 10 ਫਰਵਰੀ 2023 ਨੂੰ ਦਿਨ ਸ਼ੁਕਰਵਾਰ ਸਵੇਰੇ ਗਿਆਰਾਂ ਵਜੇ, ਗੁਰਦੁਆਰਾ ਸਿੰਘ ਸਭਾ ਸੈਕਟਰ 37-ਸੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਬਹੁਤ ਹੀ ਸਤਿਕਾਰ ਯੋਗ, ਰਾਜਾ ਟੋਡਰ ਮੱਲ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਿੱਖ ਧਰਮ ਨੂੰ ਦੇਣ ਅਤੇ ਕੁਰਬਾਨੀਆਂ ਬਾਰੇ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰੇ ਡਾ. ਬਲਜੀਤ ਸਿੰਘ, ਗੁਰਪ੍ਰਰੀਤ ਸਿੰਘ ਨਿਆਮੀਆ ਅਤੇ ਭਾਈ ਗੁਰਜਿੰਦਰ ਸਿੰਘ ਹੋਣਗੇ ਅਤੇ ਹੋਰ ਬੁੱਧੀ ਜੀਵੀ ਸਿੱਖ ਸਕਾਲਰ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਸਮਾਗਮ ਠੀਕ ਗਿਆਰਾਂ ਵਜੇ ਗੁਰਦੁਆਰਾ 37-ਸੀ ਸਿੰਘ ਸਭਾ ਦੇ ਦਰਬਾਰ ਹਾਲ 'ਚ ਕਰਵਾਇਆ ਜਾਵੇਗਾ।