ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਤਿੰਨ ਮਹੀਨੇ ਦੀ ਗਰਭਵਤੀ ਅੌਰਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਪਹਿਲਾਂ ਦਾਜ ਲਿਆਉਣ ਲਈ ਮਜਬੂਰ ਕੀਤਾ ਤੇ ਜਦੋਂ ਉਹ ਦਾਜ ਨਾ ਲਿਆਈ ਤਾਂ ਉਸ ਨਾਲ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੀੜਤਾਂ ਨੇ ਪ੍ਰਰੇਮ ਵਿਆਹ ਕੀਤਾ ਸੀ। ਜਿਸ ਵਿਅਕਤੀ 'ਤੇ ਭਰੋਸਾ ਕਰ ਕੇ ਪੀੜਤਾ ਨੇ ਆਪਣੇ ਮਾਂ-ਪਿਓ ਵਿਰੁੱਧ ਜਾ ਕੇ ਵਿਆਹ ਕੀਤਾ ਸੀ ਉਸ ਪਤੀ ਨੇ ਗਰਭਵਤੀ ਪਤਨੀ ਦੀ ਕੁੱਖ 'ਚ ਪਲ ਰਹੇ ਤਿੰਨ ਮਹੀਨੇ ਦੇ ਬੱਚੇ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਢਿੱਡ 'ਚ ਲੱਤਾਂ ਮਾਰ ਕੇ ਪਤਨੀ ਨੂੰ ਜਖ਼ਮੀ ਕਰ ਦਿੱਤਾ।

ਬਲੌਂਗੀ ਥਾਣਾ ਪੁਲਿਸ ਨੇ ਪੀੜਤ ਮਹਿਲਾ ਦਮਨਜੀਤ ਕੌਰ ਵਾਸੀ ਰਾਏਪੁਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਇੰਦਰਜੀਤ ਸਿੰਘ, ਸਹੁਰਾ ਜਰਨੈਲ ਸਿੰਘ, ਸੱਸ ਅਮਰਜੀਤ ਕੌਰ, ਜੇਠ ਗੁਰਜੀਤ ਸਿੰਘ, ਜੇਠਾਣੀ ਕੁਲਦੀਪ ਕੌਰ ਸਾਰੇ ਵਾਸੀ ਬੜਮਾਜਰਾ ਅਤੇ ਨਨਾਣ ਗੁਰਿੰਦਰ ਕੌਰ ਵਾਸੀ ਲਖਨੌਰ ਤੇ ਮਾਮਾ ਸਹੁਰਾ ਕੁਲਦੀਪ ਸਿੰਘ ਵਾਸੀ ਬੜਮਾਜਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ 'ਚ ਹਾਲੇ ਤਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ।

ਮਾਰਚ 'ਚ ਹੋਇਆ ਸੀ ਦੋਵਾਂ ਦਾ ਪ੍ਰਰੇਮ ਵਿਆਹ

ਦਮਨਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਮਾਰਚ 'ਚ ਇੰਦਰਜੀਤ ਸਿੰਘ ਨਾਲ ਪੇ੍ਮ ਵਿਆਹ ਕੀਤਾ ਸੀ। ਪਹਿਲਾਂ ਇੰਦਰਜੀਤ ਕਿਸੇ ਕੰਪਨੀ 'ਚ ਕੰਮ ਕਰਦਾ ਸੀ ਪਰ ਵਿਆਹ ਮਗਰੋਂ ਉਸਨੇ ਕੰਮ ਛੱਡ ਦਿੱਤਾ ਤੇ ਨਸ਼ਾ ਕਰਨ ਲੱਗ ਪਿਆ। ਦਮਨਜੀਤ ਕੌਰ ਨੇ ਦੱਸਿਆ ਕਿ ਤਿੰਨ ਮਹੀਨੇ ਤਾਂ ਉਸ ਦਾ ਪੂਰਾ ਸਹੁਰਾ ਪਰਿਵਾਰ ਉਸ ਨਾਲ ਚੰਗਾ ਵਿਵਹਾਰ ਕਰਦਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਦਾਜ ਲਈ ਤੰਗ ਕਰਨ ਲੱਗਾ। ਸਹੁਰਿਆਂ ਵੱਲੋਂ ਪੇਕਿਆਂ ਤੋਂ ਗੱਡੀ ਲਿਆਉਣ ਦੀ ਮੰਗ ਕੀਤੀ ਤੇ ਮਨ੍ਹਾਂ ਕਰਨ 'ਤੇ ਉਸ ਨਾਲ ਕੁੱਟਮਾਰ ਕਰਦੇ। ਪੀੜਤਾ ਨੇ ਦੱਸਿਆ ਕਿ ਪਹਿਲਾਂ ਉਹ ਸਭ ਕੁਝ ਸਹਿੰਦੀ ਰਹੀ ਪਰ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਸਹੁਰੇ ਪਰਿਵਾਰ ਨੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

19 ਨਵੰਬਰ ਨੂੰ ਜ਼ਮੀਨ 'ਤੇ ਲਿਟਾ ਕੇ ਮਾਰੀਆਂ ਢਿੱਡ 'ਚ ਲੱਤਾਂ

ਦਮਨਜੀਤ ਕੌਰ ਨੇ ਕਿਹਾ ਕਿ 19 ਨਵੰਬਰ ਨੂੰ ਉਸ ਦੇ ਘਰ ਉਸ ਦੀ ਨਨਾਣ ਗੁਰਿੰਦਰ ਕੌਰ ਤੇ ਮਾਮਾ ਸਹੁਰਾ ਕੁਲਦੀਪ ਸਿੰਘ ਆਏ ਹੋਏ ਸਨ। ਸ਼ਾਮ ਨੂੰ ਸਾਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਿਆਉਣ ਦੀ ਮੰਗ ਕਰਨ ਲੱਗੇ ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਉਸ ਦੀ ਸੱਸ ਤੇ ਜੇਠਾਣੀ ਗੁਰਿੰਦਰ ਕੌਰ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਮਗਰੋਂ ਉਸ ਦੇ ਸਹੁਰੇ ਨੇ ਇਕ ਡੰਡੇ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ ਅਤੇ ਉਸ ਦੇ ਪਤੀ ਇੰਦਰਜੀਤ ਨੇ ਉਸ ਦੇ ਿਢੱਡ 'ਚ ਲੱਤਾਂ ਮਾਰੀਆਂ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਸਾਰੇ ਉਸ ਨੂੰ ਕਮਰੇ 'ਚ ਬੰਦ ਕਰ ਕੇ ਚਲੇ ਗਏ। ਬਾਅਦ 'ਚ ਉਸ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਫੋਨ ਕੀਤਾ ਜੋ ਪੁਲਿਸ ਲੈ ਕੇ ਉਸ ਦੇ ਘਰ ਪੁੱਜੀ। ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਫੇਜ਼-6 ਪਹੁੰਚਾਇਆ, ਜਿੱਥੇ ਹਾਲਤ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਲਿਆ।