ਜੋਲੀ ਸੂਦ, ਮੋਰਿੰਡਾ : ਸ਼ੂਗਰ ਮਿੱਲ ਰੋਡ 'ਤੇ ਵਾਰਡ-1 ਵਿਖੇ ਇਕ ਵਿਅਕਤੀ ਵੱਲੋਂ ਰਾਤ ਸਮੇਂ ਸੌ ਰਹੀ ਅਪਣੀ ਘਰਵਾਲੀ, ਸਾਲੀ ਤੇ 2 ਨਾਬਾਲਿਗ ਭਾਣਜਿਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀ ਘਰਵਾਲੀ ਤੇ ਭਾਣਜੇ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਹਮਲੇ 'ਚ ਹਮਲਾਵਰ ਦੀ ਸਾਲੀ ਅਤੇ ਇੱਕ ਭਾਣਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੁਲਜ਼ਮ ਨੇ ਘਟਨਾ ਨੂੰ ਅੰਜ਼ਾਮ ਦੇ ਕੇ ਖ਼ੁਦ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜੋ ਹਸਪਤਾਲ 'ਚ ਪੁਲਿਸ ਦੀ ਨਿਗਰਾਨੀ 'ਚ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਬਬਲੀ ਪਤਨੀ ਸਿਕੰਦਰ ਲਾਲ ਵਾਸੀ ਵਾਰਡ-1 ਮੋਰਿੰਡਾ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਸ ਦੀਆਂ 3 ਲੜਕੀਆਂ ਜਸਪ੍ਰਰੀਤ ਕੌਰ, ਸਵੀਨਾ ਤੇ ਕਾਜਲ ਹਨ ਜਿਨ੍ਹਾਂ 'ਚੋਂ ਸਭ ਤੋਂ ਛੋਟੀ ਲੜਕੀ ਕਾਜਲ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਆਲਮ ਜੋਗੀ ਪੁੱਤਰ ਚੈਨ ਵਾਸੀ ਜੰਡਿਆਲਾ ਨਾਲ ਹੋਇਆ ਸੀ ਤੇ ਉਹ ਵਿਆਹ ਤੋਂ ਬਾਅਦ ਸਾਡੇ ਕੋਲ ਹੀ ਰਹਿੰਦੀ ਸੀ। ਉਸ ਦਾ ਇੱਕ 7 ਕੁ ਮਹੀਨੇ ਦਾ ਬੱਚਾ ਵੀ ਹੈ ਜਦਕਿ ਦੂਜੀ ਲੜਕੀ ਸਵੀਨਾ ਅਪਣੇ 2 ਬੱਚੇ ਸਾਹਿਲ (12) ਅਤੇ ਬੌਬੀ (14) ਨੂੰ ਸਾਡੇ ਕੋਲ ਛੱਡ ਕੇ ਕਿਸੇ ਰਿਸ਼ਤੇਦਾਰੀ 'ਚ ਗਈ ਹੋਈ ਸੀ।

ਉਸ ਦੇ ਦੋਵੇਂ ਬੱਚਿਆਂ ਦੀ ਦੇਖਭਾਲ ਉਨ੍ਹਾਂ ਦਾ ਪਰਿਵਾਰ ਤੇ ਜਸਪ੍ਰਰੀਤ ਕੌਰ ਹੀ ਕਰਦੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਜਵਾਈ ਆਲਮ ਜੋਗੀ ਤੇ ਕਾਜਲ ਵਿਚਕਾਰ ਕਈ ਮਹੀਨੇ ਤੋਂ ਆਪਸੀ ਤਕਰਾਰ ਚੱਲ ਰਹੀ ਸੀ ਤੇ ਆਲਮ ਉਸ ਦੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ, ਜਿਸਦੇ ਚੱਲਦਿਆਂ ਆਲਮ ਜੋਗੀ ਨੇ ਰਾਤ ਸਮੇਂ ਆਪਣੀ ਪਤਨੀ ਕਾਜਲ, ਸਾਲੀ ਜਸਪ੍ਰਰੀਤ ਕੌਰ, ਭਤੀਜੇ ਸਾਹਿਲ ਤੇ ਬੌਬੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਕਾਜਲ ਅਤੇ ਸਾਹਿਲ ਦੀ ਮੌਤ ਹੋ ਗਈ ਜਦਕਿ ਜਸਪ੍ਰਰੀਤ ਕੌਰ ਤੇ ਬੌਬੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਜਾਇਆ ਗਿਆ, ਜਿੱਥੋ ਡਾਕਟਰਾਂ ਵੱਲੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖ਼ਲ ਹੈ।

2 ਬੱਚਿਆਂ ਸਮੇਤ ਖੁਦ ਨੂੰ ਬਚਾਇਆ ਸੱਸ ਨੇ

ਆਲਮ ਜੋਗੀ ਦੀ ਸੱਸ ਬਬਲੀ ਨੇ ਦੱਸਿਆ ਘਟਨਾ ਵਾਲੀ ਰਾਤ ਆਲਮ ਜੋਗੀ ਪੂਰੇ ਪਰਿਵਾਰ ਨੂੰ ਮਾਰਨ ਦੀ ਤਾਕ 'ਚ ਸੀ। ਆਲਮ ਦੁਆਰਾ ਅਪਣੀ ਪਤਨੀ, ਸਾਲੀ ਤੇ ਬੱਚਿਆਂ 'ਤੇ ਹਮਲਾ ਕਰਨ ਤੋਂ ਬਾਅਦ ਉਸ ਦਾ ਅਗਲਾ ਨਿਸ਼ਾਨਾ ਪਰਿਵਾਰ ਦੇ ਹੋਰ ਮੈਂਬਰ ਵੀ ਸਨ ਪ੍ਰੰਤੂ ਘਟਨਾ ਵੇਖ ਕੇ ਉਹ ਆਪਣੇ 2 ਦੋਹਤਿਆਂ ਜਿਸ ਵਿੱਚ ਮੁਲਜ਼ਮ ਦਾ 7 ਕੁ ਮਹੀਨੇ ਦਾ ਬੱਚਾ ਵੀ ਹੈ ਨੂੰ ਲੈ ਕੇ ਇੱਕ ਕਮਰੇ 'ਚ ਬੰਦ ਕਰ ਲਿਆ। ਉਸ ਨੇ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਦਰਵਾਜ਼ਾ ਨਹੀਂ ਤੋੜ ਸਕਿਆ। ਉਪਰੰਤ ਉਹ ਘਰ ਤੋਂ ਬਾਹਰ ਚਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮੋਰਿੰਡਾ ਪੁਲਿਸ ਨੂੰ ਦਿੱਤੀ ਜਿਸ 'ਤੇ ਡੀਐੱਸਪੀ ਸੁਖਜੀਤ ਸਿੰਘ ਵਿਰਕ, ਐਸਐਚਓ ਸੁਨੀਲ ਕੁਮਾਰ ਸਹਿਤ ਪੁਲਿਸ ਪਾਰਟੀ ਨੇ ਘਟਨਾ ਦਾ ਜਾਇਜ਼ਾ ਲੈ ਕੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।