ਜੇਐੱਨਐੱਨ, ਮੋਹਾਲੀ : ਥਾਣਾ ਫੇਜ-11 ਦੀ ਪੁਲਿਸ ਨੇ ਛੇ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਵਿਕਾਸ ਸ਼ਰਮਾ ਵਾਸੀ ਫੇਜ-11, ਅਮਨਪ੍ਰਰੀਤ ਵਾਸੀ ਫੇਜ-11, ਵਰਿੰਦਰ ਕੁਮਾਰ ਵਾਸੀ ਮੰਡੀ ਬੋਰਡ ਕੰਪਲੈਕਸ, ਹਰਪਾਲ ਸਿੰਘ ਵਾਸੀ ਬਲੌਂਗੀ, ਮਨਿੰਦਰ ਸਿੰਘ ਸੋਢੀ ਵਾਸੀ ਫੇਜ-11 ਤੇ ਰਣਜੀਤ ਸਿੰਘ ਉਰਫ ਰਾਹੁਲ ਵਾਸੀ ਗੁਰੂ ਕੀ ਵਡਾਲੀ ਜ਼ਿਲ੍ਹਾ (ਅੰਮਿ੍ਤਸਰ) ਦੇ ਰੂਪ ਵਿਚ ਹੋਈ ਹੈ।

ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਨੌਜਵਾਨ ਹੈਰੋਇਨ ਲਿਆ ਕੇ ਆਸ-ਪਾਸ ਦੇ ਏਰੀਆ ਵਿਚ ਘੁੰਮ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਗੁਰੂ ਨਾਨਕ ਕਾਲੋਨੀ ਟੀ-ਪੁਆਇੰਟ ਕੋਲ ਨਾਕਾਬੰਦੀ ਕਰ ਲਈ। ਨਾਕੇਬੰਦੀ ਦੌਰਾਨ ਪੁਲਿਸ ਨੇ ਇਕ ਈਟੀਓਜ ਗੱਡੀ ਨੂੰ ਰੋਕਿਆ ਜਿਸ ਵਿਚ ਉਕਤ ਸਾਰੇ ਲੋਕ ਸਵਾਰ ਸਨ। ਪੁਲਿਸ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਪੁਲਿਸ ਨੂੰ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਮਨਿੰਦਰ ਸਿੰਘ ਸੋਢੀ ਤੇ ਰਣਜੀਤ ਸਿੰਘ ਉਰਫ ਰਾਹੁਲ ਜੋ ਕਿ ਕਾਰ ਵਿਚ ਸਵਾਰ ਸਨ ਨੂੰ 25 ਗ੍ਰਾਮ ਹੈਰੋਇਨ ਤੇ 20 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹੈਰੋਇਨ ਦਿੱਲੀ ਤੋਂ ਕਿਸੇ ਨਾਈਜੀਰੀਅਨ ਤੋਂ ਲੈ ਕੇ ਆਉਂਦੇ ਹਨ ਤੇ ਮੋਹਾਲੀ ਤੇ ਇਸਦੇ ਆਸ-ਪਾਸ ਗ੍ਰਾਹਕਾਂ ਨੂੰ ਵੇਚਦੇ ਹਨ। ਜਾਂਚ ਅਧਿਕਾਰੀ ਅਨੁਸਾਰ ਦੋਸ਼ੀਆਂ 'ਤੇ ਕਈ ਮਾਮਲੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਤੇ ਦੋ ਦੋਸ਼ੀਆਂ ਨੂੰ 17 ਸਤੰਬਰ ਤਕ ਪੁਲਿਸ ਰਿਮਾਂਡ 'ਤੇ ਭੇਜਿਆ ਹੈ।