ਜੇਐੱਨਐੱਨ, ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਧਰਨੇ ਕਾਰਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੋਈ ਵੀ ਟਰੇਨ ਨਹੀਂ ਗਈ। ਦਰਅਸਲ ਚੰਡੀਗੜ੍ਹ-ਅੰਬਾਲਾ ਰੇਲ ਮਾਰਗ 'ਤੇ ਲਾਲੜੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਿਸਾਨ ਰੇਲ ਟਰੈਕ 'ਤੇ ਧਰਨਾ ਦੇ ਰਹੇ ਹਨ। ਇਸ ਕਾਰਨ ਤੋਂ ਰੇਲਵੇ ਨੇ ਕਿਸਾਨਾਂ ਦੇ ਗੁੱਸੇ ਤੇ ਯਾਤਰੀਆਂ ਸੁਰੱਖਿਆ ਨੂੰ ਧਿਆਨ ਰੱਖਦਿਆਂ ਇਸ ਰੂਟ 'ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ।

ਗੌਰਤਲਬ ਹੈ ਕਿ ਲਾਕਡਾਊਨ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੋਈ ਵੀ ਸਪੈਸ਼ਲ ਟਰੇਨ ਨਹੀਂ ਚਲਾਈ ਗਈ ਹੈ। ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਰੇਲਵੇ ਨੇ ਉਨਾ-ਦਿੱਲੀ-ਜਨਸ਼ਤਾਬਦੀ ਦੇ ਰੂਟ ਨੂੰ ਡਾਇਵਰਟ ਕਰ ਉਨਾ-ਚੰਡੀਗੜ੍ਹ-ਦਿੱਲੀ ਕਰ ਦਿੱਤਾ ਸੀ। ਪੰਜਾਬ 'ਚ ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨ ਅੰਦੋਲਨ ਨੂੰ ਦੇਖਦਿਆਂ ਪਹਿਲਾਂ ਇਸ ਟਰੇਨ ਨੂੰ 29 ਸਤੰਬਰ ਤੋਂ ਚੰਡੀਗੜ੍ਹ-ਦਿੱਲੀ ਵਿਚਕਾਰ 'ਚ ਚਲਾਇਆ ਜਾ ਰਿਹਾ ਸੀ ਪਰ ਹੁਣ ਲਾਲੜੂ 'ਚ ਕਿਸਾਨ ਧਰਨੇ ਦੇਖਦਿਆਂ ਇਸ ਟਰੇਨ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬਾਂਦ੍ਰਾ-ਅੰਮ੍ਰਿਤਸਰ-ਬਾਂਦ੍ਰਾ ਐਕਸਪ੍ਰੈੱਸ ਨੂੰ ਅਣਮਿਥੇ ਸਮੇਂ ਲਈ ਰੇਲਵੇ ਨੇ ਰੱਦ ਕਰ ਦਿੱਤਾ ਹੈ।

ਚੰਡੀਗੜ੍ਹ ਰੇਲਵੇ ਦੇ ਸਟੇਸ਼ਨ ਸੁਪਰਡੈਂਟ ਅਨਿਲ ਅਗਰਵਾਲ ਨੇ ਦੱਸਿਆ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਮੌਜੂਦਾ ਸਮੇਂ ਚ ਦੋ ਸਪੈਸ਼ਲ ਟਰੇਨਾਂ ਚੱਲ ਰਹੀਆਂ ਸਨ ਇਹ ਦੋਵੇਂ ਟਰੇਨਾਂ ਕਿਸਾਨ ਅੰਦੋਲਨ ਨੂੰ ਦੇਖਦਿਆਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰੀ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਜਦੋਂ ਤਕ ਹਾਲਾਤ ਠੀਕ ਨਹੀਂ ਹੋ ਜਾਂਦੇ ਹਨ ਇਸ ਰੂਟ 'ਤੇ ਟਰੇਨ ਆਵਾਜਾਈ ਬਹਾਲ ਨਹੀਂ ਕੀਤੀ ਜਾਵੇਗੀ।

Posted By: Amita Verma