ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਹੁਣ ਹਰਿਆਣਾ ਦੀ ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ 'ਤੇ ਸਿਕੰਜ਼ਾ ਕੱਸਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਐੱਸਆਈਟੀ ਨੇ ਡੇਰਾ ਮੁਖੀ ਤੋਂ ਪੁੱਛਣ ਲਈ ਬੇਅਦਬੀ, ਬਰਗਾੜੀ, ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਪੁਲਿਸ ਫਾਇਰਿੰਗ, ਫਿਲਮ ਐਮਐਸਜੀ ਰਿਲੀਜ਼ ਕਰਾਉਣ ਲਈ ਅਕਸ਼ੈ ਕੁਮਾਰ ਤੇ ਸੁਖਬੀਰ ਬਾਦਲ ਦੀ ਕਥਿਤ ਮੁਲਾਕਾਤ ਸਬੰਧੀ 100 ਦੇ ਕਰੀਬ ਸਵਾਲ ਤਿਆਰ ਕੀਤੇ ਹਨ।

ਐੱਸਆਈਟੀ ਨੇ ਚੋਣਾਂ ਤੋਂ ਪਹਿਲਾਂ ਹਰਿਆਣਾ ਸਰਕਾਰ ਕੋਲੋਂ ਡੇਰਾਮੁਖੀ ਤੋਂ ਪੁੱਛਗਿੱਛ ਲਈ ਮਨਜ਼ੂਰੀ ਮੰਗੀ ਸੀ ਪ੍ਰੰਤੂ ਉਸ ਸਮੇਂ ਪ੍ਰਵਾਨਗੀ ਨਾ ਮਿਲਣ ਕਾਰਨ ਐੱਸਆਈਟੀ ਨੂੰ ਅਦਾਲਤ ਦਾ ਰੁਖ਼ ਕਰਨਾ ਪਿਆ ਸੀ। ਹੁਣ ਹਰਿਆਣਾ ਸਰਕਾਰ ਨੇ ਵੀ ਐੱਸਆਈਟੀ ਨੂੰ ਜੇਲ੍ਹ 'ਚ ਡੇਰਾਮੁਖੀ ਤੋਂ ਪੁੱਛਗਿੱਛ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸਟੀਐੱਫ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਐੱਸਆਈਟੀ ਨੇ ਅਦਾਲਤ ਰਾਹੀਂ ਹਰਿਆਣਾ ਸਰਕਾਰ ਤੋਂ ਇਸ ਦੀ ਮਨਜ਼ੂਰੀ ਮੰਗੀ ਸੀ ਜਿਹੜੀ ਕਿ ਮਿਲ ਗਈ। ਡੇਰਾਮੁਖੀ ਤੋਂ ਕਦੋਂ ਪੁੱਛਗਿੱਛ ਕਰਨੀ ਹੈ ਇਸ ਸਬੰਧੀ ਫ਼ੈਸਲਾ ਨਹੀਂ ਕੀਤਾ ਗਿਆ ਪਰ ਪੁੱਛਗਿੱਛ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਇਹ ਪੁੱਛਗਿੱਛ ਜੇਲ੍ਹ 'ਚ ਹੀ ਕੀਤੀ ਜਾਵੇਗੀ।

ਕਲੋਜ਼ਰ ਰਿਪੋਰਟ ਦਾ ਜਾਂਚ 'ਤੇ ਕੋਈ ਅਸਰ ਨਹੀਂ

ਬੇਅਦਬੀ ਦੇ ਕੇਸਾਂ 'ਚ ਸੀਬੀਆਈ ਵੱਲੋਂ ਅਦਾਲਤ 'ਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਸਬੰਧੀ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ਕਾਰਨ ਐੱਸਆਈਟੀ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਅਸੀਂ ਤਾਂ ਕੋਟਕਪੂਰਾ ਫਾਇਰਿੰਗ ਮਾਮਲੇ 'ਚ ਦੋਸ਼ੀਆਂ ਖਿਲਾਫ਼ ਅਦਾਲਤ 'ਚ ਚਲਾਨ ਪੇਸ਼ ਕਰ ਚੁੱਕੇ ਹਾਂ। ਸੀਬੀਆਈ ਦੀ ਕਲੋਜ਼ਰ ਰਿਪੋਰਟ ਨਾਲ ਸਾਡੀ ਐੱਸਆਈਟੀ ਦੀ ਜਾਂਚ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮੌਤ ਨਾਲ ਵੀ ਐਸਆਈਟੀ ਦੀ ਜਾਂਚ 'ਤੇ ਕੋਈ ਅਸਰ ਨਹੀਂ ਪਵੇਗਾ। ਸੀਬੀਆਈ ਨੇ ਕਰੀਬ ਸਾਢੇ ਤਿੰਨ ਸਾਲ ਜਾਂਚ ਕੀਤੀ ਪਰ ਕੋਈ ਸਿੱਟਾ ਨਹੀਂ ਕੱਢਿਆ । ਜੇਕਰ ਸੀਬੀਆਈ ਦੀ ਜਾਂਚ ਕਿਸੇ ਤਣ ਪੱਤਣ ਲੱਗ ਜਾਂਦੀ ਤਾਂ ਐੱਸਆਈਟੀ ਨੂੰ ਇਸ ਦਾ ਫਾਇਦਾ ਹੋ ਜਾਂਦਾ।