ਕੈਲਾਸ਼ ਨਾਥ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪੈਦਾ ਹੋਇਆ ਵਿਵਾਦ ਹੁਣ ਹਊਮੈ ਦੀ ਲੜਾਈ 'ਚ ਬਦਲ ਗਈ ਹੈ। ਸਿੱਧੂ ਨੇ ਮੁੜ ਪਾਰਟੀ ਜਨਰਲ ਸਕੱਤਰ ਪਿ੍ਅੰਕਾ ਵਾਡਰਾ ਨਾਲ ਗੱਲ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਪਿ੍ਅੰਕਾ ਦੇ ਦਖ਼ਲ ਕਾਰਨ ਕੈਪਟਨ ਨੇ ਅਜੇ ਤੱਕ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਸਿੱਧੂ ਮੁੜ ਸਥਾਨਕ ਸਰਕਾਰਾਂ ਵਿਭਾਗ ਮੰਗ ਰਹੇ ਹਨ ਜਦਕਿ ਕੈਪਟਨ ਉਨ੍ਹਾਂ ਨੂੰ ਇਹ ਵਿਭਾਗ ਦੇਣ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਕੈਪਟਨ ਨੇ ਬੀਤੀ ਛੇ ਜੂਨ ਨੂੰ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਊਰਜਾ ਦੇ ਦਿੱਤਾ ਸੀ। ਇਸ ਤੋਂ ਨਾਰਾਜ਼ ਸਿੱਧੂ ਨੇ ਕਾਰਜ ਭਾਰ ਨਹੀਂ ਸੰਭਾਲਿਆ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਜਾਣਕਾਰੀ ਮੁਤਾਬਕ ਮੰਤਰੀ ਮੰਡਲ ਤੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜਣ ਤੋਂ ਬਾਅਦ ਸਿੱਧੂ ਨੇ ਪਿ੍ਰਅੰਕਾ ਨਾਲ ਗੱਲ ਕੀਤੀ ਹੈ। ਉਹ ਆਪਣਾ ਸਨਮਾਨ ਬਚਾਉਣ ਲਈ ਮੁੜ ਸਥਾਨਕ ਸਰਕਾਰਾਂ ਵਿਭਾਗ ਮੰਗ ਰਹੇ ਹਨ। ਕੈਪਟਨ ਨੇ ਸਿੱਧੂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਘਟੀਆ ਕਾਰਗੁਜ਼ਾਰੀ ਕਾਰਨ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਸ਼ਹਿਰਾਂ 'ਚ ਨੁਕਸਾਨ ਹੋਇਆ ਹੈ।

ਇਸ ਨੂੰ ਸਿੱਧੂ ਆਪਣੇ ਮੱਥੇ 'ਤੇ ਕਲੰਕ ਮੰਨ ਰਹੇ ਹਨ ਜਿਨ੍ਹਾਂ 13 ਮੰਤਰੀਆਂ ਦੇ ਵਿਭਾਗ ਬਦਲੇ ਗਏ ਉਨ੍ਹਾਂ 'ਚ ਸਿੱਧੂ ਇੱਕੋ ਇਕ ਅਜਿਹੇ ਮੰਤਰੀ ਸਨ ਜਿਨ੍ਹਾਂ 'ਤੇ ਨਕਾਰਾ ਹੋਣ ਦਾ ਠੱਪਾ ਲੱਗਿਆ। ਅਜਿਹੇ ਦੋਸ਼ਾਂ ਨਾਲ ਸਿੱਧੂ ਊਰਜਾ ਵਿਭਾਗ ਜਵਾਈਨ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਖ਼ੁਦ ਪਿ੍ਰਅੰਕਾ ਇਹ ਚਾਹੁੰਦੀ ਹੈ ਕਿ ਸਿੱਧੂ ਆਪਣੀ ਜ਼ਿੰਦ ਛੱਡ ਦੇਣ ਕਿਉਂਕਿ ਕੈਪਟਨ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਨਹੀਂ ਦੇਣਾ ਚਾਹੁੰਦੇ।

ਫਿਲਹਾਲ ਕੋਈ ਹੱਲ ਨਹੀਂ ਦਿਖਾਈ ਦੇ ਰਿਹਾ

ਕੈਪਟਨ ਤੇ ਸਿੱਧੂ ਵਿਚਕਾਰ ਵਿਵਾਦ ਦਾ ਕਾਂਗਰਸ ਨੂੰ ਕੋਈ ਹੱਲ ਨਹੀਂ ਦਿਖਾਈ ਦੇ ਰਿਹਾ। ਹਾਈ ਕਮਾਂਡ ਵੱਲੋਂ ਕੈਪਟਨ 'ਤੇ ਇਹ ਦਬਾਅ ਨਹੀਂ ਬਣਾਇਆ ਜਾ ਸਕਦਾ ਕਿ ਉਹ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਮੁੜ ਦੇ ਦੇਣ। ਅਜਿਹਾ ਕਰਨ ਨਾਲ ਮੁੱਖ ਮੰਤਰੀ ਦਾ ਅਕਸ ਖ਼ਰਾਬ ਹੋਵੇਗਾ ਤੇ ਹੋਰ ਮੰਤਰੀ ਵੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦੇਣਗੇ। ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਓਪੀ ਸੋਨੀ ਨੇ ਵੀ ਨਾਰਾਜ਼ ਹੋ ਕੇ ਲੰਬੇ ਸਮੇਂ ਤਕ ਆਪਣਾ ਵਿਭਾਗ ਜਵਾਈਨ ਨਹੀਂ ਕੀਤਾ ਸੀ, ਪਰ ਬਾਅਦ 'ਚ ਕਾਰਜਭਾਰ ਸੰਭਾਲਣਾ ਪਿਆ। ਕਈ ਮੰਤਰੀ ਵੀ ਵਿਭਾਗਾਂ 'ਚ ਬਦਲਾਅ ਤੋਂ ਸੰਤੁਸ਼ਟ ਨਹੀਂ ਹਨ।

ਸਿੱਧੂ ਨੂੰ ਨਹੀਂ ਗੁਆਉਣਾ ਨਹੀਂ ਚਾਹੁੰਦੀ ਕਾਂਗਰਸ

ਕਾਂਗਰਸ ਮੌਜੂਦਾ ਸਥਿਤੀ 'ਚ ਨਵਜੋਤ ਸਿੱਧੂ ਨੂੰ ਗੁਆਉਣਾ ਨਹੀਂ ਚਾਹੁੰਦੀ। ਉਸ ਨੂੰ ਲੱਗ ਰਿਹਾ ਹੈ ਕਿ ਜੇਕਰ ਸਿੱਧੂ ਕਿਸੇ ਹੋਰ ਪਾਰਟੀ 'ਚ ਜਾਂਦੇ ਹਨ ਤਾਂ ਉਹ ਕਾਂਗਰਸ ਲਈ ਪਰੇਸ਼ਾਨੀ ਖੜ੍ਹੀ ਕਰ ਸਕਦੇ ਹਨ। ਲੋਕ ਸਭਾ ਚੋਣਾਂ 'ਚ ਦੇਸ਼ ਭਰ 'ਚ ਕਾਂਗਰਸ ਦੀ ਹਾਰ ਹੋਈ ਹੈ। ਅਜਿਹੀ ਸਥਿਤੀ 'ਚ ਪਾਰਟੀ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ।