ਜੇਐਨਐਨ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ। ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਇਮਰਾਨ ਖਾਨ ਨੇ ਬਿਨਾ ਕਿਸੇ ਨਫੇ ਨੁਕਸਾਨ ਦੀ ਚਿੰਤਾ ਕੀਤੇ ਉਹ ਕਰ ਦਿਖਾਇਆ ਜੋ 72 ਸਾਲਾਂ ਵਿਚ ਨਹੀਂ ਹੋਇਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਿਆਸਤ ਦੀ ਗੱਲ ਨਹੀਂ ਹੈ।

ਸਿੱਧੂ ਕਈ ਦਿਨਾਂ ਬਾਅਦ ਕਿਸੇ ਜਨਤਕ ਸਟੇਜ 'ਤੇ ਦਿਖੇ। ਉਨ੍ਹਾਂ ਕਿਹਾ ਕਿ ਏਨੇ ਸਾਲਾਂ ਵਿਚ ਸਿੱਖਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਅਤੇ ਇਹ ਬੱਬਰ ਸ਼ੇਰ (ਮੋਦੀ ਅਤੇ ਇਮਰਾਨ) ਜਿਨ੍ਹਾਂ ਨੇ ਨਾ ਕੋਈ ਫਾਇਦਾ ਦੇਖਿਆ ਅਤੇ ਨਾ ਹੀ ਕੋਈ ਨੁਕਸਾਨ। ਦੋਵਾਂ ਨੇ 14 ਕਰੋੜ ਸਿੱਖਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਮੈਂ ਮੋਦੀ ਦਾ ਧੰਨਵਾਦ ਕਰਦਾ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਵਿਚਕਾਰ ਰਾਜਨੀਤਿਕ ਮਤਭੇਦ ਹਨ, ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜੀਵਨ ਗਾਂਧੀ ਪਰਿਵਾਰ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਾਹਿਬ ਮੈਂ ਤੁਹਾਨੂੰ ਮੁੰਨਾ ਭਾਈ ਐਮਬੀਬੀਐਸ ਦੇ ਅੰਦਾਜ਼ ਵਿਚ ਜਾਦੂ ਦੀ ਜੱਫੀ ਭੇਜਦਾ ਹਾਂ।

ਉਨ੍ਹਾਂ ਕਿਹਾ ਕਿ ਵੰਡ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਹੱਦਾਂ ਖ਼ਤਮ ਹੋਈਆਂ। ਮੇਰੇ ਦੋਸਤ ਇਮਰਾਨ ਖਾਨ ਦੇ ਯੋਗਦਾਨ ਨੂੰ ਕੋਈ ਨਕਾਰ ਨਹੀਂ ਸਕਦਾ। ਉਨ੍ਹਾਂ ਨੇ ਇਮਰਾਨ ਦੀ ਖੂਬ ਤਾਰੀਫ਼ ਕੀਤੀ।

ਸਿੱਧੂ ਆਪਣੇ ਪਿਛਲੇ ਪਾਕਿਸਤਾਨ ਦੌਰੇ ਦੌਰਾਨ ਉਥੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਤੋਂ ਪੈਦਾ ਹੋਏ ਵਿਵਾਦ ਵੱਲ ਇਸ਼ਾਰਾ ਕਰਨ ਤੋਂ ਨਹੀਂ ਰੁਕੇ। ਇਸ ਦੌਰਾਨ ਸਿੱਧੂ ਨੇ ਸ਼ੇਅਰੋ ਸ਼ਾਅਰੀ ਵੀ ਕੀਤੀ।

Posted By: Susheel Khanna