ਸਟੇਟ ਬਿਊਰੋ, ਚੰਡੀਗਡ਼੍ਹ : ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਤੋਂ ਵਾਪਸ ਪੰਜਾਬ ਪਰਤੇ ਅਤੇ ਜਲੰਧਰ ਪਹੁੰਚੇ। ਕਿਹਾ ਜਾਂਦਾ ਹੈ ਕਿ ਉਹ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਕਰ ਸਕੇ। ਸਿੱਧੂ ਦੀ ਕਾਂਗਰਸ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਜਾਣਕਾਰੀ ਅਨੁਸਾਰ ਸਿੱਧੂ ਦੀ ਰਾਹੁਲ ਨਾਲ ਮੁਲਾਕਾਤ ਬੁੱਧਵਾਰ ਨੂੰ ਹੀ ਹੋਣੀ ਸੀ ਪਰ ਰਾਹੁਲ ਦੇ ਰੁਝੇਵਿਆਂ ਕਾਰਨ ਇਹ ਮੁਲਾਕਾਤ ਹੁਣ ਨਹੀਂ ਹੋ ਸਕੀ। ਸਿੱਧੂ ਕੱਲ੍ਹ ਹੀ ਦੋ ਰਾਜ ਮੰਤਰੀਆਂ ਦੇ ਨਾਲ ਦਿੱਲੀ ਪਹੁੰਚੇ ਸਨ।

ਜਾਣਕਾਰੀ ਮੁਤਾਬਕ ਰਾਹੁਲ ਦੇ ਨਾਲ ਸਿੱਧੂ ਦੀ ਪਹਿਲੀ ਮੁਲਾਕਾਤ ਬੁੱਧਵਾਰ ਨੂੰ ਹੋਣੀ ਸੀ ਪਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਹੁਣ ਇਹ ਮੁਲਾਕਾਤ ਵੀਰਵਾਰ ਨੂੰ ਹੋਵੇਗੀ। ਉੱਥੇ ਸਿੱਧੂ ਨਾਲ ਦੋ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਦਿੱਲੀ ਗਏ ਹਨ। ਪੰਜਾਬ ’ਚ ਸੰਭਾਵਤ ਮੰਤਰੀ ਮੰਡਲ ਫੇਰਬਦਲ ਤੇ ਦੋ ਮੰਤਰੀਆਂ ’ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਇਹ ਮੀਟਿੰਗ ਅਹਿਮ ਹੋ ਸਕਦੀ ਹੈ।

ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਵਿਚ ਘੁਟਾਲਾ ਕਰਨ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ’ਤੇ ਇੋਕੋ ਜ਼ਮੀਨ ਦੀ ਇਵਜ਼ ਵਿਚ ਦੋ ਵਾਰੀ ਮੁਆਵਜ਼ਾ ਲੈਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਵਿਰੋਧੀ ਧਿਰ ਵੀ ਇਨ੍ਹਾਂ ਦੋਵੇਂ ਮੰਤਰੀਆਂ ਨੂੰ ਕੈਬਨਿਟ ਤੋਂ ਬਰਖ਼ਾਸਤ ਕਰਨ ਲਈ ਸਰਕਾਰ ’ਤੇ ਦਬਾਅ ਬਣਾ ਰਹੀ ਹੈ। ਇਹ ਦੋਵੇਂ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਹਾਲਾਂਕਿ ਮੰਤਰੀ ਮੰਡਲ ’ਚ ਫੇਰਬਦਲ ਮੁੱਖ ਮੰਤਰੀ ਦਾ ਕਾਰਜ ਖੇਤਰ ਹੈ ਪਰ ਸਿੱਧੂ ਗਰੁੱਪ ਦੀ ਕੋਸ਼ਿਸ਼ ਹੈ ਕਿ ਕੁਝ ਹਿੰਦੂ ਤੇ ਦਲਿਤ ਆਗੂਆਂ ਨੂੰ ਮੰਤਰੀ ਮੰਡਲ ਵਿਚ ਥਾਂ ਦਿਵਾਈ ਜਾਵੇ ਤਾਂ ਜੋ ਸੰਤੁਲਨ ਕਾਇਮ ਰਹੇ।

Posted By: Tejinder Thind