ਜਾਸ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਵੀਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਰਗਨਾ ਦੀਪਕ ਉਰਫ਼ ਦੀਪੂ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਰਜ਼ੀ ਰੱਦ ਕਰ ਦਿੱਤੀ। ਇਹ ਪਟੀਸ਼ਨ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੀ ਸੀ। ਜਦਕਿ ਦੀਪੂ ਦੇ ਵਕੀਲ ਨੇ ਪਟੀਸ਼ਨ ਖਾਰਜ ਹੋਣ ਦਾ ਕਾਰਨ ਬੁੜੈਲ ਜੇਲ੍ਹ ਅੰਦਰ ਉਸ ਦੀ ਜਾਨ ਨੂੰ ਖਤਰਾ ਦੱਸਿਆ ਹੈ। ਅਜਿਹੇ 'ਚ ਦੀਪਕ ਪਟਿਆਲਾ ਜੇਲ 'ਚ ਹੀ ਰਹੇਗਾ। ਦੀਪੂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਅਸਲਾ ਐਕਟ ਆਦਿ ਤਹਿਤ ਕੇਸ ਦਰਜ ਹਨ।

31 ਮਈ, 2020 ਨੂੰ ਸੈਕਟਰ-33 ਦੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਭਰਾ ਦੀ ਕੋਠੀ 'ਤੇ ਗੋਲ਼ੀ ਚਲਾਉਣ ਦੇ ਮਾਮਲੇ 'ਚ ਦੀਪੂ ਚੰਡੀਗੜ੍ਹ ਪੁਲਿਸ ਦਾ ਮੁਲਜ਼ਮ ਹੈ। ਜਦੋਂਕਿ ਸ਼ਹਿਰ ਦੇ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਉਸ ਨੂੰ ਪਟਿਆਲਾ ਜੇਲ੍ਹ ਤੋਂ ਪੇਸ਼ੀ ਭੁਗਤਣ ਲਈ ਲਿਆਂਦਾ ਗਿਆ ਸੀ। ਚੰਡੀਗੜ੍ਹ ਦੀ ਅਦਾਲਤ ਨੇ ਦੀਪੂ ਨੂੰ ਮਾਰਚ ਵਿੱਚ ਦਰਜ ਜਬਰਨ ਵਸੂਲੀ ਦੇ ਕੇਸ ਵਿੱਚ ਸੁਣਵਾਈ ਲਈ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਸੈਕਟਰ-26 ਥਾਣੇ ਦੀ ਪੁਲਿਸ ਨੇ ਦੀਪੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਦੀਪੂ ਕੈਨੇਡਾ ਰਹਿੰਦੇ ਗੈਂਗਸਟਰ ਲਾਰੈਂਸ, ਸੰਪਤ ਨਹਿਰਾ ਅਤੇ ਗੋਲਡੀ ਬਰਾੜ ਦੇ ਗਰੋਹ ਨਾਲ ਜੁੜਿਆ ਹੋਇਆ ਹੈ।

ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਦੀਪੂ ਖ਼ਿਲਾਫ਼ ਚੰਡੀਗੜ੍ਹ, ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ, ਮੁਹਾਲੀ ਅਤੇ ਡੇਰਾਬੱਸੀ ਵਿੱਚ ਕੇਸ ਦਰਜ ਹਨ। ਪਟਿਆਲਾ ਜ਼ਿਲ੍ਹਾ ਪੁਲਿਸ ਵਿੱਚ ਗਾਰਡਾਂ ਦੀ ਘਾਟ ਕਾਰਨ ਉਸ ਨੂੰ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕਰਨਾ ਮੁਸ਼ਕਲ ਹੈ। ਉਸ ਨੂੰ ਬੁੜੈਲ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਵਿਰੋਧ ਵਿੱਚ ਦੀਪੂ ਦੇ ਵਕੀਲ ਨੇ ਕਿਹਾ ਕਿ ਬੁੜੈਲ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ।

Posted By: Jagjit Singh