* ਸਕਿਓਰਿਟੀ ਗਾਰਡ ਬੂਥ ਨੂੰ ਹੀ ਬਣਾ ਦਿੱਤਾ ਸਕੂਲ

* ਲੇਬਰ ਕਰਦੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਮਿਲ ਰਹੀ ਮੁਫ਼ਤ ਤਾਲੀਮ

22ਸੀਐਚਡੀ11ਪੀ,

ਕੈਪਸ਼ਨ : ਨਿਰਮਲ ਸਿੰਘ, ਘੱਗਰ ਤੋਂ ਲਿਆਂਦੇ ਪੱਥਰਾਂ ਦਾ ਬਣਿਆਂ ਰੋਕ ਗਾਰਡਨ।

22ਸੀਐਚਡੀ11ਏਪੀ

ਕੈਪਸ਼ਨ : ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵਿਛਾਈਆਂ ਪੱਲੀਆਂ ਤੇ ਨਿਰਮਲ ਸਿੰਘ।

22ਸੀਐਚਡੀ11ਬੀਪੀ

ਕੈਪਸ਼ਨ : ਬੀਟ ਬਾਕਸ 'ਚ ਪਈਆਂ ਕਾਪੀਆਂ ਕਿਤਾਬਾਂ ਦਾ ਦਿ੍ਸ਼।

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਿੰਮਤ ਆਪਣੇ ਆਪ ਆ ਜਾਂਦੀ ਹੈ। ਬੇਸ਼ੱਕ ਉਸ ਕੰਮ ਨੂੰ ਕਰਨ ਲਈ ਵਸੀਲੇ ਘੱਟ ਹੋਣ ਪਰ ਮਿਹਨਤ ਤੇ ਲਗਨ ਨਾਲ ਟੀਚਾ ਸਰ ਕਿੱਦਾਂ ਕਰ ਲਈਦਾ ਹੈ ਉਸ ਦੀ ਪ੍ਰਤੱਖ਼ ਉਦਾਹਰਨ ਹੈ ਪਿੰਡ ਢੰਗਰਾਲ਼ੀ ਦਾ ਵਾਸੀ ਨਿਰਮਲ ਸਿੰਘ। ਨਿਰਮਲ ਮੋਹਾਲੀ ਦੇ ਫੇਜ਼-8ਬੀ ਉਦਯੋਗਿਕ ਖੇਤਰ 'ਚ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਹੈ। 12 ਘੰਟੇ ਦੀ ਨੌਕਰੀ ਦੌਰਾਨ ਉਹ ਆਪਣੀ ਚੈੱਕ ਪੋਸਟ 'ਤੇ ਲੇਬਰ ਦਾ ਕੰਮ ਕਰਦੇ ਪ੍ਰਵਾਸੀਆਂ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਤੇ ਹਿੰਦੀ ਦਾ ਵੀ ਗਿਆਨ ਦਿੰਦਾ ਹੈ। ਉਸ ਦੇ ਇਸ ਕੰਮ ਨੂੰ ਦੇਖ ਕੇ ਕੰਪਨੀ ਦੇ ਮਾਲਕ ਵੀ ਬੜੇ ਖੁਸ਼ ਹਨ ਅਤੇ ਉਸ ਦੀ ਪਿੱਠ ਥਾਪੜਦੇ ਹਨ।

ਬਣਾਇਆ ਬਾਬੇ ਨਾਨਕ ਦਾ ਸਕੂਲ

ਨਿਰਮਲ ਸਿੰਘ ਨੇ ਫੇਜ਼-8ਬੀ ਵਿਖੇ ਸੜਕ ਉੱਤੇ ਹੀ ਜੰਗਲ ਰੂਪ ਧਾਰ ਗਈ ਖਾਲੀ ਜ਼ਮੀਨ ਨੂੰ ਪਹਿਲਾਂ ਸਾਫ਼ ਕੀਤਾ ਅਤੇ ਫੇਰ ਇਸ 'ਚ ਬੂਟੇ ਲਾ ਕੇ ਵਿਦਿਆਰਥੀਆਂ ਦੇ ਬੈਠਣ ਯੋਗ ਬਣਾਇਆ। ਉਸ ਨੇ ਬੜੇ ਘੱਟ ਵਸੀਲਿਆਂ ਨਾਲ਼ ਥੈਲਿਆਂ ਦੀਆਂ ਬਣਾਈਆਂ ਪੱਲੀਆਂ ਤੋਂ ਇਲਾਵਾ ਬੈਠਣ ਲਈ ਟਾਟ ਬਣਾਏ ਹੋਏ ਹਨ ਅਤੇ ਸਕੂਲ ਦਾ ਨਾਮ ਗੁਰੂ ਨਾਨਕ ਸਕੂਲ ਰੱਖਿਆ ਹੈ। ਇਸ ਸਕੂਲ 'ਚ ਇਸ ਵੇਲੇ 35 ਵਿਦਿਆਰਥੀ ਸਿੱਖਿਆ ਲੈਂਦੇ ਹਨ ਜਿਹੜੇ ਕਿ ਹੁਣ ਆਪਣੇ ਹਸਤਾਖ਼ਰ ਕਰਨ ਤੋਂ ਇਲਾਵਾ ਕਿਤਾਬਾਂ ਪੜ੍ਹਨਯੋਗ ਹੋ ਗਏ ਹਨ।

ਘੱਗਰ ਤੋਂ ਮੰਗਵਾਏ ਚਿੱਟੇ ਪੱਥਰਾਂ ਨਾਲ ਬਣਾਇਆ ਰੌਕ ਗਾਰਡਨ

ਪੜ੍ਹਾਈ ਪ੍ਰਤੀ ਧਿਆਨ ਖਿੱਚਣ ਲਈ ਨਿਰਮਲ ਸਿੰਘ ਨੇ ਕਰੀਬ 15 ਤੋਂ 20 ਫੁੱਟ ਜਗ੍ਹਾ 'ਚ ਇਕ ਰੌਕ ਗਾਰਡਨ ਬਣਾਇਆ ਹੈ। ਇਸ ਲਈ ਉਸ ਨੇ ਘੱਗਰ ਨਦੀ 'ਚੋਂ ਚਿੱਟੇ ਪੱਥਰ ਮੰਗਵਾਏ ਤੇ ਬਾਅਦ 'ਚ ਇਨ੍ਹਾਂ ਨੂੰ ਤਰਤੀਬ ਵਾਰ ਲਗਾ ਕੇ ਰੌਕ ਗਾਰਡਨ ਦਾ ਨਾਂ ਦਿੱਤਾ। ਇਸ ਤੋਂ ਇਲਾਵਾ ਉਸ ਨੇ ਬੱਚਿਆਂ ਨਾਲ ਮਿਲ ਕੇ ਇਥੇ 100 ਤੋਂ ਜ਼ਿਆਦਾ ਪੌਦੇ ਵੀ ਲਗਵਾਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਰੇਮੀ ਬਣਾਇਆ ਜਾ ਸਕੇ।

ਤਿੰਨ ਹਜ਼ਾਰ ਤੋਂ ਕੀਤਾ ਕੰਮ ਸ਼ੁਰੂ

'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ 10 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਜਿਸ 'ਚੋਂ 6 ਮਹੀਨੇ ਪਹਿਲਾਂ ਉਸਨੇ 3 ਹਜ਼ਾਰ ਰੁਪਏ ਦੀਆਂ ਕਾਪੀਆਂ ਕਿਤਾਬਾਂ ਤੇ ਸਲੇਟਾਂ ਖ਼ਰੀਦੀਆਂ। ਪਹਿਲਾਂ ਉਸ ਕੋਲ ਸਿਰਫ਼ 5 ਕੁ ਬੱਚੇ ਆਉਂਦੇ ਸਨ ਪਰ ਹੌਲ਼ੀ-ਹੌਲ਼ੀ ਗਿਣਤੀ ਵੱਧ ਗਈ। ਇਸ ਤੋਂ ਇਲਾਵਾ ਉਹ ਖ਼ੁਦ ਇਨ੍ਹਾਂ ਦੀ ਬਸਤੀ 'ਚ ਜਾ ਕੇ ਵੀ ਪੜ੍ਹਾਉਂਦਾ ਹੈ। ਹੁਣ ਉਸ ਸਮਾਜ ਸੇਵੀ ਲੋਕ ਵੀ ਮਦਦ ਕਰ ਕਰ ਰਹੇ ਹਨ।

ਮੇਰਾ ਸੀ ਸਕੂਲ ਖੋਲ੍ਹਣ ਦਾ ਇਰਾਦਾ

ਗੱਲਬਾਤ ਦੌਰਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਸਕੂਲ ਖੋਲ੍ਹਣ ਦਾ ਇਰਾਦਾ ਸੀ। ਪਰ ਉਹ ਸੱਤਵੀਂ ਜਮਾਤ ਤਕ ਹੀ ਪੜਿ੍ਹਆ ਹੈ ਇਸ ਲਈ ਉਸ ਲਈ ਅਜਿਹਾ ਕਰਨਾ ਸੌਖਾ ਨਹੀਂ ਸੀ। ਉਸ ਦੇ ਚਾਰ ਬੱਚੇ ਹਨ। ਦੋ ਧੀਆਂ ਦਾ ਵਿਆਹ ਕਰ ਦਿੱਤਾ ਹੈ ਅਤੇ ਇਕ ਪੁੱਤਰ ਇੰਜੀਨੀਅਰ ਅਤੇ ਇਕ ਦਾ ਆਪਣਾ ਕਾਰੋਬਾਰ ਹੈ। ਉਹ 8 ਕੁ ਸਾਲ ਵਿਦੇਸ਼ 'ਚ ਕੰਮ ਕਰਨ ਤੋਂ ਬਾਅਦ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਰਿਹਾ ਹਾਂ। ਮੇਰਾ ਸਕੂਲ ਦਾ ਸੁਫ਼ਨਾ ਪੂਰਾ ਨਾ ਹੋਇਆ ਤਾਂ ਮੈਂ ਅਜਿਹੇ ਲੋਕਾਂ ਨੂੰ ਪੜ੍ਹਾਉਣ ਦਾ ਫ਼ੈਸਲਾ ਲਿਆ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ। ਹੁਣ ਮੇਰੇ ਨਾਲ ਕੁਝ ਸਹਿਯੋਗੀ ਵੀ ਲੱਗ ਗਏ ਹਨ ਜਿਨ੍ਹਾਂ ਵਿਚੋਂ ਕੋਈ ਖਾਣਾ ਤੇ ਕੋਈ ਬਿਸਕੁੱਟ ਅਤੇ ਟਾਫ਼ੀਆਂ ਵਿਦਿਆਰਥੀਆਂ ਨੂੰ ਦਿੰਦਾ ਹੈ। ਇਸ ਨਾਲ ਇਨ੍ਹਾਂ ਦਾ ਉਤਸ਼ਾਹ ਵੱਧਦਾ ਹੈ।