ਤਰਨਪ੍ਰਰੀਤ ਸਿੰਘ, ਜ਼ੀਰਕਪੁਰ : ਚੰਡੀਗੜ੍ਹ-ਅੰਬਾਲਾ ਸੜਕ ਤੇ ਬੈਰੀਅਰ ਨੇੜੇ ਸਥਿਤ ਇਕ ਹੋਟਲ ਵਿਚੋਂ ਨੌਸਰਬਾਜ ਇਕ ਵਿਆਹ ਸਮਾਗਮ ਵਿਚ ਬਤੌਰ ਮਹਿਮਾਨ ਵਜੋਂ ਸ਼ਾਮਿਲ ਹੋ ਕੇ 7 ਲੱਖ ਰੁਪਏ ਨਗਦ ਅਤੇ ਗਹਿਣਿਆਂ ਦਾ ਬੈਗ ਚੋਰੀ ਕਰ ਕੇ ਲੈ ਗਏ। ਪੀੜਤ ਵੱਲੋਂ ਜ਼ਿਲ੍ਹਾਂ ਪੁਲਿਸ ਮੁਖੀ ਨੂੰ ਸ਼ਿਕਾਇਤ ਕਰ ਕੇ ਹੋਟਲ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੁਖਪ੍ਰਰੀਤ ਸਿੰਘ ਵਾਸੀ ਫੇਜ਼-7 ਮੋਹਾਲੀ ਨੇ ਦੱਸਿਆ ਕਿ ਬੀਤੇ ਕੱਲ੍ਹ ਐਤਵਾਰ ਨੂੰ ਉਸ ਦੀ ਭੈਣ ਦਾ ਵਿਆਹ ਜ਼ੀਰਕਪੁਰ ਸਥਿਤ ਚੰਡੀਗੜ੍ਹ ਬੈਰੀਅਰ ਨੇੜੇ ਇਕ ਨਾਮੀ ਹੋਟਲ ਵਿਚ ਸੀ। ਉਸ ਨੇ ਦੱਸਿਆ ਕਿ ਇਕ ਕਰੀਬ 20 ਸਾਲਾ ਦਾ ਨੌਜਵਾਨ ਅਤੇ ਇਕ ਨਾਬਾਲਿਗ਼ ਬੱਚਾ ਵਿਆਹ ਸਮਾਗਮ ਵਿਚ ਮਹਿਮਾਨ ਬਣ ਕੇ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚ ਹੀ ਘੁਲ ਮਿਲ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਕ ਬੈਗ ਵਿਚ 7 ਲੱਖ ਰੁਪਏ ਨਗਦ ਅਤੇ ਗਹਿਣੇ ਰੱਖੇ ਹੋਏ ਸਨ। ਇਸ ਦੌਰਾਨ ਜਦ ਲਾੜਾ-ਲਾੜੀ ਸਟੇਜ 'ਤੇ ਪੁੱਜੇ ਅਤੇ ਡਾਂਸ ਕਰਨ ਲੱਗੇ ਤਾਂ ਉਹ ਕਥਿਤ ਨੌਜਵਾਨ ਅਤੇ ਬੱਚਾ ਬੈਗ ਖਿਸਕਾ ਕੇ ਫਰਾਰ ਹੋ ਗਏ। ਸੁਖਪ੍ਰਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ਼ ਤੋਂ ਪਤਾ ਲਗਦਾ ਹੈ ਕਿ ਉਕਤ ਨੌਸਰਬਾਜ ਕਰੀਬ 12 ਵਜ ਕੇ 20 ਮਿੰਟ 'ਤੇ ਅੰਦਰ ਆਏ ਅਤੇ 2 ਸਵਾ ਦੋ ਵਜੇ ਬੈਗ ਚੋਰੀ ਕਰਕੇ ਰਫੂ ਚੱਕਰ ਹੋ ਗਏ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਨੇ ਵੱਡੇ ਹੋਟਲ ਵਿਚ ਲੱਖਾਂ ਰੁਪਏ ਦੀ ਸ਼ਰੇਆਮ ਚੋਰੀ ਹੋਣਾ ਹੋਟਲ ਮੈਨੇਜਮੈਂਟ ਅਤੇ ਸਕਿਊਰਟੀ ਪ੍ਰਬੰਧਾਂ 'ਤੇ ਸਵਾਲੀਆਂ ਨਿਸ਼ਾਨ ਲਗਾਉਂਦੀ ਹੈ। ਮਾਮਲੇ ਸਬੰਧੀ ਸੰਪਰਕ ਕਰਨ 'ਤੇ ਪੜਤਾਲੀਆ ਅਫ਼ਸਰ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੋਟਲ ਵਿਚ ਜਾ ਕੇ ਸੀਸੀਟੀਵੀ ਫੁਟੇਜ ਚੈਕ ਕੀਤੀ ਗਈ ਹੈ। ਮਾਮਲੇ ਦੀ ਜਾਂਚ-ਪੜਤਾਲ ਜਾਰੀ ਹੈ।