* ਬੀਡੀਪੀਓ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਲਈ ਕਿਹਾ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਬਲੌਂਗੀ ਕਾਲੋਨੀ ਦੀ ਸਰਪੰਚ ਸਰੋਜ ਦੇਵੀ ਨੇ ਖਰੜ ਦੇ ਬਲਾਕ ਡਿਵੈਲਪਮੈਂਟ ਅਫ਼ਸਰ ਨੂੰ ਵਟਸਐਪ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਧਰ ਬੀਡੀਪੀਓ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇਕੇ ਮਹਿਲਾ ਸਰਪੰਚ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਰੋਜਾ ਦੇਵੀ ਨੇ 17 ਜੁਲਾਈ ਦੀ ਰਾਤ ਨੂੰ 11.50 ਵਜੇ ਬੀਡੀਓ ਰਣਜੀਤ ਸਿੰਘ ਦੇ ਮੋਬਾਈਲ 'ਤੇ ਇਕ ਵਟਸਅੱਪ ਸੁਨੇਹਾ ਭੇਜਿਆ, ਜਿਸ 'ਚ ਖੁਦਕੁਸ਼ੀ ਕਰਨ ਦੀ ਗੱਲ ਕੀਤੀ ਗਈ ਸੀ। ਆਪਣੀ ਸ਼ਿਕਾਇਤ 'ਚ ਬੀਡੀਪੀਓ ਨੇ ਦੱਸਿਆ ਕਿ ਹੈ ਸਰਪੰਚਨੀ ਸਰੋਜਾ ਦੇਵੀ ਦੇ ਪਤੀ ਦਿਨੇਸ਼ ਕੁਮਾਰ ਦੇ ਮੋਬਾਈਲ ਤੋਂ ਉਨ੍ਹਾਂ ਦੇ ਵਟਸਅੱਪ 'ਤੇ ਇਕ ਮੈਸੇਜ ਆਇਆ ਹੈ ਜਿਸ 'ਚ ਸਰੋਜਾ ਦੇਵੀ ਨੇ ਕਿਹਾ ਹੈ ਕਿ ਉਸ ਵੱਲੋਂ ਬੀਡੀਪੀਓ ਨੂੰ ਵਾਰ-ਵਾਰ ਵੀਡੀਓ ਤੇ ਆਡੀਓ ਮੈਸੇਜ ਭੇਜ ਕੇ ਪਿੰਡ ਦੇ ਇਕ ਵਸਨੀਕ ਵੱਲੋਂ ਪਿੰਡ ਦੀਆਂ ਗਲੀਆਂ 'ਚ ਖੁਦਾਈ ਕਰਕੇ ਮੁੜ ਬਣਾਉਣ ਦੇ ਸਬੂਤ ਦੇਣ ਦੇ ਬਾਵਜੂਦ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੈਸੇਜ 'ਚ ਇਹ ਵੀ ਕਿਹਾ ਗਿਆ ਹੈ ਕਿ ਬੀਡੀਪੀਓ ਵੱਲੋਂ ਸਰੋਜਾ ਦੇਵੀ ਖਿਲਾਫ ਪਿੰਡ ਵਿਚ ਬੋਰ ਹੋਣ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਹੈ ਪਰ ਇਕ ਹੋਰ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਉਹ (ਬੀਡੀਪੀਓ) ਮੰਤਰੀ ਦੇ ਦਬਾਓ ਹੇਠ ਕੰਮ ਕਰ ਰਹੇ ਹਨ। ਮੈਸੇਜ 'ਚ ਕਿਹਾ ਗਿਆ ਹੈ ਕਿ ਕੀ ਬੀਡੀਪੀਓ ਇਹ ਚਾਹੁੰਦੇ ਹਨ ਕਿ ਉਹ ਅਸਤੀਫਾ ਦੇ ਦੇਵੇ ਜਾਂ ਉਸ ਨੂੰ ਸਸਪੈਂਡ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰੋਜਾ ਦੇਵੀ ਅਨੁਸਾਰ ਉਹ ਇੱਕ ਦਲਿਤ ਮਹਿਲਾ ਹੈ ਅਤੇ ਇਸ ਸਾਰੇ ਕੁੱਝ ਕਾਰਨ ਬਹੁਤ ਨਿਰਾਸ਼ ਹੈ ਅਤੇ ਉਸ ਨੂੰ ਪਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਲਈ ਬੀਡੀਪੀਓ ਜਿੰਮੇਵਾਰ ਹੋਣਗੇ।

ਇਸ ਸਬੰਧੀ ਬਲੌਂਗੀ ਕਲੋਨੀ ਦੀ ਸਰਪੰਚਨੀ ਸਰੋਜਾ ਦੇਵੀ ਨਾਲ ਤਾਂ ਗੱਲ ਨਹੀਂ ਹੋ ਪਾਈ ਪਰ ਉਨ੍ਹਾਂ ਦੇ ਪਤੀ ਨੇ ਇਹ ਮੈਸੇਜ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮੈਸੇਜ ਉਨ੍ਹਾਂ ਦੀ ਪਤਨੀ ਨੇ ਹੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੰਤਰੀ ਦੇ ਦਬਾਓ ਹੇਠ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਉਲਟਾ ਦਫਤਰਾਂ ਵਿਚ ਬੁਲਾ ਕੇ ਅਤੇ ਬਾਹਰ ਬਿਠਾ ਕੇ ਜਲੀਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਪਤਨੀ ਖਿਲਾਫ ਮੰਤਰੀ ਦੇ ਦਬਾਓ ਤਹਿਤ ਮਾਮਲਾ ਤਕ ਦਰਜ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਵਿਅਕਤੀ ਖਿਲਾਫ਼ ਲਗਾਤਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਬੀਡੀਪੀਓ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਪਿੰਡ ਦੇ ਵਸਨੀਕਾਂ ਵੱਲੋਂ ਬੋਰ ਕੀਤੇ ਜਾਣ ਦੀਆਂ ਸ਼ਿਕਾਇਤਾਂ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਉਹ ਹੋਰ ਕੀ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਦੋ ਛੋਟੇ ਬੱਚੇ ਹਨ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਘੋਰ ਨਿਰਾਸ਼ਾ ਦੇ ਆਲਮ 'ਚ ਹੈ ਅਤੇ ਇਸ ਸਭ ਤੋਂ ਤੰਗ ਆ ਕੇ ਸਰੰਪਚਨੀ ਸਰੋਜਾ ਦੇਵੀ ਨੇ ਇਹ ਮੈਸੇਜ ਭੇਜਿਆ ਹੈ।