ਜੇਐੱਨਐੱਨ, ਲਾਲੜੂ : ਬੀਤੇ ਦਿਨੀਂ ਪਿੰਡ ਜਾਤਸਨਾ ਕਲਾਂ ਵਿਚ ਬੰਦ ਪਈ ਇਕ ਜੂਸ ਫੈਕਟਰੀ ਦੇ 39 ਸਾਲ ਦੇ ਸਕਿਊਰਿਟੀ ਗਾਰਡ ਵਿਜੇ ਪ੍ਰਜਾਪਤ ਦੇ ਹੋਏ ਬਲਾਇੰਡ ਮਰਡਰ ਤੇ ਚੋਰੀ ਮਾਮਲੇ ਨੂੰ ਲਾਲੜੂ ਪੁਲਿਸ ਨੇ 19 ਦਿਨਾਂ ਬਾਅਦ ਟ੍ਰੇਸ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਹੱਤਿਆ ਮਾਮਲੇ ਵਿਚ ਇਕ ਦੋਸ਼ੀ ਤੇ ਫੈਕਟਰੀ ਤੋਂ ਸਾਮਾਨ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਹੈ।

ਪਿੰਡ ਜਾਤਸਨਾ ਕਲਾਂ ਵਿਚ ਕਈ ਸਾਲਾਂ ਤੋਂ ਬੰਦ ਪਈ ਜੂਸ ਫੈਕਟਰੀ ਵਿਚ 29 ਜੁਲਾਈ ਨੂੰ ਚੌਕੀਦਾਰ ਵਿਜੇ ਪ੍ਰਜਾਪਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲੁਟੇਰਿਆਂ ਨੇ ਸਾਮਾਨ ਚੋਰੀ ਕੀਤਾ ਸੀ। ਇਸ ਸੰਬੰਧ ਵਿਚ ਲਾਲੜੂ ਥਾਣਾ ਵਿਚ ਡੀਐੱਸਪੀ ਗੁਰਬਖਸ਼ੀਸ਼ ਸਿੰਘ ਤੇ ਐੱਸਐੱਚਓ ਇੰਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਉਕਤ ਕਤਲ ਮਾਮਲੇ ਵਿਚ ਦੋਸ਼ੀ ਗੁਰਵਿੰਦਰ ਸਿੰਘ ਉਰਫ ਟਿਬਰੀ ਵਾਸੀ ਬਸੋਲੀ ਥਾਣਾ ਹੰਡੇਸਰਾ ਜੋ ਇਸੇ ਫੈਕਟਰੀ ਪਿਛਲੇ ਅੱਠ ਸਾਲ ਤੋਂ ਦਿਨ ਦੇ ਸਮੇਂ ਚੌਕੀਦਾਰ ਦੀ ਡਿਊਟੀ ਕਰਦਾ ਸੀ। ਜਦਕਿ ਮਿ੍ਤਕ ਵਿਜੇ ਪ੍ਰਜਾਪਤ ਵਾਸੀ ਬਿਹਾਰ ਰਾਤ ਨੂੰ ਚੌਕੀਦਾਰੀ ਕਰਦਾ ਸੀ ਤੇ ਫੈਕਟਰੀ ਵਿਚ ਹੀ ਰਹਿੰਦਾ ਸੀ। ਦੋਸ਼ੀ ਫੈਕਟਰੀ ਵਿਚ ਚੋਰੀ ਕਰ ਕੇ ਮੋਟਰਾਂ ਤੇ ਸਾਮਾਨ ਵੇਚਣ ਦਾ ਆਦੀ ਸੀ। ਵਾਰਦਾਤ ਵਾਲੇ ਦਿਨ ਵੀ ਦੋਸ਼ੀ ਫੈਕਟਰੀ ਤੋਂ ਮੋਟਰ ਚੋਰੀ ਕਰਨ ਆਇਆ ਸੀ। ਮੋਟਰ ਚੋਰੀ ਕਰਨ ਤੋਂ ਬਾਅਦ ਦੋਸ਼ੀ ਨੇ ਸੰਨੀ ਕਬਾੜੀ ਵਾਸੀ ਲਾਲੜੂ ਮੰਡੀ ਨੂੰ ਚੋਰੀ ਦਾ ਸਾਮਾਨ ਵੇਚਣਾ ਸੀ। ਇਸ ਲਈ ਦੋਸ਼ੀ ਗੁਰਵਿੰਦਰ ਨੇ ਮਿ੍ਤਕ ਚੌਕੀਦਾਰ ਵਿਜੇ ਪ੍ਰਤਾਪ ਨੂੰ ਵੀ ਪੈਸੇ ਦਾ ਲਾਲਚ ਦਿੱਤਾ ਪਰ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਗੁਰਵਿੰਦਰ ਨੇ ਰਾਤ ਦੇ ਸਮੇਂ ਦਾਤ (ਟਕੂਏ) ਨਾਲ ਵਿਜੇ ਪ੍ਰਜਾਪਤ ਦਾ ਕਤਲ ਕਰ ਕੇ ਲਾਸ਼ ਨੂੰ ਕਮਰੇ ਵਿਚ ਰੱਖ ਦਿੱਤਾ। ਅਗਲੀ ਸਵੇਰ ਇਸਦੀ ਸੂਚਨਾ ਖ਼ੁਦ ਗੁਰਵਿੰਦਰ ਨੇ ਫੈਕਟਰੀ ਮਾਲਿਕਾਂ ਨੂੰ ਦਿੱਤੀ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਕਬਾੜੀ ਸੰਜੀਵ ਤੇ ਜਗਤਾਰ ਵੀ ਉਸੇ ਰਾਤ ਚੋਰੀ ਕਰਨ ਫੈਕਟਰੀ 'ਚ ਗਏ ਸਨ

ਦੋਸ਼ੀ ਗੁਰਵਿੰਦਰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਡਰਾਮਾ ਕਰਦਾ ਰਿਹਾ। ਪੁਲਿਸ ਨੇ ਕਬਾੜੀ ਸੰਜੀਵ ਕੁਮਾਰ ਵਾਸੀ ਲਾਲੜੂ ਤੇ ਉਸ ਦੇ ਜੀਜਾ ਜਗਤਾਰ ਸਿੰਘ ਵਾਸੀ ਫਤਿਹਾਬਾਦ ਨੂੰ ਬੋਲੈਰੋ ਗੱਡੀ ਸਮੇਤ ਗਿ੍ਫ਼ਤਾਰ ਕੀਤਾ ਹੈ। ਇਹ ਦੋਵੇਂ ਵੀ ਉਸ ਰਾਤ ਫੈਕਟਰੀ ਵਿਚ ਮੋਟਰ ਚੋਰੀ ਕਰਨ ਆਏ ਸਨ। ਇੰਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਤੇ ਸੰਨੀ ਨੂੰ 14 ਅਗਸਤ ਨੂੰ ਤੇ ਜਗਤਾਰ ਸਿੰਘ ਤੇ ਸੰਜੀਵ ਕੁਮਾਰ ਨੂੰ 15 ਅਗਸਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਦੋਵੇਂ ਪੁਲਿਸ ਰਿਮਾਂਡ 'ਤੇ ਹਨ। ਕਬਾੜੀ ਖ਼ਿਲਾਫ਼ ਚੋਰੀ ਦਾ ਤੇ ਦੋਸ਼ੀ ਚੌਕੀਦਾਰ ਗੁਰਵਿੰਦਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਵਾਰਦਾਤ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਬਰਾਮਦ ਕਰ ਲਏ ਗਏ ਹਨ। ਉੱਥੇ, ਵੇਚੀ ਗਈ ਮੋਟਰਾਂ ਤੇ ਹੋਰ ਸਾਮਾਨ ਵੀ ਬਰਾਮਦ ਕਰਨਾ ਬਾਕੀ ਹੈ।

ਪੁਲਿਸ ਸਰਚ ਦੌਰਾਨ ਪੁਲਿਸ ਨਾਲ ਰਹਿੰਦਾ ਸੀ ਦੋਸ਼ੀ ਗੁਰਵਿੰਦਰ

ਪੁਲਿਸ ਨੇ ਦੱਸਿਆ ਕਿ ਕਾਤਲ ਗੁਰਵਿੰਦਰ ਸਿੰਘ ਨੇ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਆਪਣੀਆਂ ਗੱਲਾਂ ਵਿਚ ਉਲਝਾਈ ਰੱਖਿਆ ਤੇ ਫੈਕਟਰੀ ਵਿਚ ਪੁਲਿਸ ਸਰਚ ਦੌਰਾਨ ਨਾਲ-ਨਾਲ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਕਾਤਲ ਨੇ ਇਕੱਲੇ ਹੀ ਲਾਸ਼ ਨੂੰ ਕਤਲ ਵਾਲੀ ਜਗ੍ਹਾਂ ਤੋਂ ਕੰਬਲ ਦੁਆਰਾ ਖਿੱਚ ਕੇ ਦੂਜੇ ਪਾਸੇ ਪਹੁੰਚਾਇਆ ਤੇ ਉੱਥੇ ਫੈਲੇ ਖ਼ੂਨ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰ ਦਿੱਤਾ। ਦੋਸ਼ੀ ਨੇ ਵਾਰਦਾਤ ਨੂੰ ਚੋਰੀ ਤੇ ਲੁੱਟ ਦਾ ਮਾਮਲਾ ਬਣਾਉਣ ਦੇ ਮਕਸਦ ਨਾਲ ਫੈਕਟਰੀ ਦੇ ਸਾਮਾਨ ਨੂੰ ਵੀ ਖਿਲਾਰ ਦਿੱਤਾ ਸੀ।