ਸਟੇਟ ਬਿਊਰੋ, ਚੰਡੀਗੜ੍ਹ : 26 ਜੂਨ ਨੂੰ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦਾ ਘਿਰਾਓ ਕਰਨਗੇ। ਉਸੇ ਦਿਨ ਹਰਿਆਣਾ ਦੇ ਕਿਸਾਨਾਂ ਨੇ ਵੀ ਇਹੀ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ 25 ਜੂਨ ਨੂੰ ਲੱਗੀ ਐਮਰਜੈਂਸੀ ਦੇ ਵਿਰੋਧ ਵਿਚ 26 ਜੂਨ ਨੂੰ ਖੇਤੀ ਬਚਾਓ-ਲੋਕਤੰਤਰ ਬਚਾਓ ਦਿਵਸ ਦੇ ਰੂਪ ਵਿਚ ਮਨਾ ਰਹੇ ਹਨ।

ਹਾਲਾਂਕਿ ਇਹ ਵੇਖਣਾ ਦਿਲਚਸਪ ਹੈ ਕਿ ਜਿਸ ਕਾਂਗਰਸ ਪਾਰਟੀ ਵੱਲੋਂ ਲਾਈ ਐਮਰਜੈਂਸੀ ਦਾ ਕਿਸਾਨ ਵਿਰੋਧ ਕਰ ਰਹੇ ਹਨ, ਉਹੀ ਕਾਂਗਰਸ ਕਿਸਾਨ ਮੋਰਚੇ ਦੀ ਹਮਾਇਤ ਵੀ ਕਰ ਰਹੀ ਹੈ। ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਮੋਰਚਾ ਜਿਨ੍ਹਾਂ ਤਿੰਨ ਕਾਨੂੰਨਾਂ ਨੂੰ ਲੈ ਕੇ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਂ ਬਰੂਹਾਂ ’ਤੇ ਬੈਠਾ ਹੈ, ਉਸ ਦੀ ਸ਼ੁਰੂਆਤ ਉਦਾਰੀਕਰਨ ਦੀ ਹਮਾਇਤ ਵਾਲੀ ਨਰਸਿਮਹਾ ਰਾਓ ਦੀ ਸਰਕਾਰ ਸਮੇਂ ਹੀ ਹੋਈ ਸੀ।

ਅਸੀਂ ਕਾਂਗਰਸ ਦੀ ਹਮਾਇਤ ਨਹੀਂ ਲਈ ਸਗੋਂ ਉਹ ਖ਼ੁਦ ਹਮਾਇਤ ਦੇ ਰਹੀ ਹੈ। ਉਨ੍ਹਾਂ ਨੂੰ ਆਪਣੀ ਵੋਟ ਬੈਂਕ ਦੀ ਚਿੰਤਾ ਹੈ। ਉਹ ਹਰ ਸਾਲ ਵਿਚ ਕਿਸਾਨਾਂ ਦੀ ਹਮਾਇਤ ਚਾਹੁੰਦੀ ਹੈ ਤਾਂ ਜੋ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਉਹ ਕਿਸਾਨਾਂ ਦੀ ਹਮਾਇਤ ਹਾਸਲ ਕਰ ਕੇ ਫਿਰ ਤੋਂ ਸੱਤਾ ਵਿਚ ਆ ਸਕੇ।

ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਨੂੰ ਹੀ ਅਸੀਂ ਅੱਜ ਭੁਗਤ ਰਹੇ ਹਾਂ। ਜੇਕਰ ਨਰਸਿਮਹਾ ਰਾਓ ਤੇ ਡਾ. ਮਨਮੋਹਨ ਸਿੰਘ ਗੈਟ ਸਮਝੌਤੇ ’ਤੇ ਹਸਤਾਖਰ ਨਾ ਕਰਦੇ ਤਾਂ ਅੱਜ ਕਿਸਾਨਾਂ ਨੂੰ ਮਾਰਨ ਵਾਲੇ ਤਿੰਨ ਖੇਤੀ ਕਾਨੂੰਨ ਨਾ ਆਉਂਦੇ। ਡੱਲੇਵਾਲ ਨੇ ਕਿਹਾ ਕਿ ਉਦੋਂ ਐਮਰਜੈਂਸੀ ਐਲਾਨੀ ਸੀ ਹਾਲਾਂਕਿ ਬਹੁਤ ਸਾਰੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਰਹੇ ਸਨ ਪਰ ਇੰਦਰਾ ਗਾਂਧੀ ਦੇ ਖੌਫ ਕਾਰਨ ਬੋਲ ਨਹੀਂ ਸੀ ਸਕਦੇ। ਉਹੀ ਹਾਲਾਤ ਅੱਜ ਹੋ ਗਏ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਡਰ ਕਾਰਨ ਭਾਜਪਾ ਦੇ ਆਗੂ ਬੋਲ ਨਹੀਂ ਪਾ ਰਹੇ, ਹਾਲਾਂਕਿ ਅੰਦਰੋਂ ਉਹ ਸਾਂਡੇ ਅੰਦੋਲਨ ਦੀ ਹਮਾਇਤ ਕਰਦੇ ਹਨ।

ਇਕ ਸਵਾਲ ਦੇ ਜਵਾਬ ਵਿਚ ਡੱਲੇਵਾਲ ਨੇ ਕਿਹਾ ਕਿ ਕਿਸਾਨ ਮੋਰਚਾ ਕਾਂਗਰਸ ਦੀ ਹਮਾਇਤ ਨਹੀਂ ਲੈ ਰਿਹਾ ਸਗੋਂ ਅਸੀਂ ਤਾਂ ਕਿਸੇ ਵੀ ਸਿਆਸੀ ਆਗੂ ਨੂੰ ਆਪਣੀ ਸਟੇਜ ’ਤੇ ਚੜ੍ਹਨ ਨਹੀਂ ਦਿੱਤਾ। ਕਾਂਗਰਸ ਸਾਡੀ ਹਮਾਇਤ ਸਿਰਫ ਇਸ ਲਈ ਨਹੀਂ ਕਰ ਰਹੀ ਕਿ ਖੇਤੀ ਕਾਨੂੰਨ ਉਸ ਨੂੰ ਪਸੰਦ ਨਹੀਂ ਹਨ ਸਗੋਂ ਇਹ ਕਾਨੂੰਨ ਤਾਂ ਕਾਂਗਰਸ ਨੇ ਹੀ ਲਿਆਂਦੇ ਸਨ।

Posted By: Jagjit Singh