ਸਟੇਟ ਬਿਊਰੋ, ਚੰਡੀਗੜ੍ਹ : ਆਖ਼ਰਕਾਰ ਗ੍ਰਹਿ ਵਿਭਾਗ ਨੇ ਸਾਬਕਾ ਸਪੈਸ਼ਲ ਚੀਫ ਸੈਕਰੇਟਰੀ ਸਤੀਸ਼ ਚੰਦਰਾ ਨੂੰ ਪੰਜਾਬ ਪੁਲਿਸ ਕੰਪਲੇਂਟ ਅਥਾਰਟੀ ਦਾ ਚੇਅਰਮੈਨ ਲਾ ਹੀ ਦਿੱਤਾ ਹੈ। ਇਸ ਦੌੜ ’ਚ ਉਨ੍ਹਾਂ ਤੋਂ ਇਲਾਵਾ ਛੇ ਹੋਰ ਲੋਕ ਵੀ ਸ਼ਾਮਲ ਸਨ ਪਰ ਇਹ ਅਹੁਦਾ ਸਤੀਸ਼ ਚੰਦਰਾ ਨੂੰ ਹੀ ਮਿਲ ਗਿਆ। ਸਪੈਸ਼ਲ ਚੀਫ ਸੈਕਰੇਟਰੀ ਹੋਮ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਤੀਸ਼ ਚੰਦਰਾ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਅਹੁਦੇ ਲਈ ਵੀ ਮੁੱਖ ਦਾਅਵੇਦਾਰ ਸਨ ਪਰ ਐਡੀਸ਼ਨਲ ਚੀਫ ਸੈਕਰੇਟਰੀ ਡਿਵੈੱਲਪਮੈਂਟ ਵਿਸ਼ਵਜੀਤ ਖੰਨਾ ਇਸ ਅਹੁਦੇ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ।

ਵਿਸ਼ਵਜੀਤ ਖੰਨਾ ਨੇ ਪ੍ਰੀਮੈਚਿਓਰ ਸੇਵਾ-ਮੁਕਤੀ ਲੈ ਕੇ ਇਸ ਅਹੁਦੇ ਨੂੰ ਗ੍ਰਹਿਣ ਕੀਤਾ। ਦਰਅਸਲ ਚੀਫ ਸੈਕਰੇਟਰੀ ਦੀ ਦੌੜ ’ਚ ਵਿਸ਼ਵਜੀਤ ਖੰਨਾ ਅਤੇ ਵਿਨੀ ਮਹਾਜਨ ਦੋਵੇਂ ਹੀ ਮੁੱਖ ਦਾਅਵੇਦਾਰ ਸਨ ਕਿਉਂਕਿ ਵਿਨੀ ਮਹਾਜਨ ਬੈਚ ’ਚ ਸੀਨੀਅਰ ਸਨ, ਇਸ ਲਈ ਉਨ੍ਹਾਂ ਦਾ ਦਾਅ ਲੱਗ ਗਿਆ ਅਤੇ ਕੈਪਟਨ ਸਰਕਾਰ ਨੇ ਵਿਸ਼ਵਜੀਤ ਖੰਨਾ ਨੂੰ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਅਹੁਦੇ ਨਾਲ ਨਿਵਾਜ ਦਿੱਤਾ ਜੋ ਕੁਸੁਮਜੀਤ ਸਿੱਧੂ ਦੇ ਸੇਵਾ-ਮੁਕਤ ਹੋਣ ’ਤੇ ਖਾਲੀ ਹੋ ਗਿਆ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਵਿਜੀਲੈਂਸ ਕਮਿਸ਼ਨ ਦਾ ਵੀ ਗਠਨ ਕੀਤਾ ਪਰ ਇਸ ਦਾ ਚੇਅਰਮੈਨ ਹਾਈ ਕੋਰਟ ਦੇ ਜੱਜ ਲਗਾਏ ਜਾਣ ਦੀ ਸ਼ਰਤ ’ਤੇ ਸਤੀਸ਼ ਚੰਦਰਾ ਨੂੰ ਇਹ ਅਹੁਦਾ ਨਹੀਂ ਮਿਲਿਆ।

ਛੇ ਮਹੀਨੇ ਪਹਿਲਾਂ ਪੰਜਾਬ ਪੁਲਿਸ ਕੰਪਲੇਂਟ ਅਥਾਰਟੀ ਦੇ ਚੇਅਰਮੈਨ ਅਹੁਦਾ ਖਾਲੀ ਹੋ ਗਿਆ ਸੀ। ਇਸ ਅਹੁਦੇ ’ਤੇ ਕੰਮ ਕਰ ਰਹੇ ਐੱਨਐੱਸ ਕੋਹਲੀ ਨੇ ਅਹੁਦਾ ਛੱਡ ਦਿੱਤਾ ਸੀ ਅਤੇ ਉਹ ਕੇਂਦਰ ਸਰਕਾਰ ’ਚ ਸਕਿਲ ਡਿਵੈੱਲਪਮੈਂਟ ਕੌਂਸਲ ਦੇ ਚੇਅਰਮੈਨ ਲੱਗ ਗਏ। ਪੰਜਾਬ ਪੁਲਿਸ ਕੰਪਲੇਂਟ ਅਥਾਰਟੀ ਦਾ ਚੇਅਰਮੈਨ ਲਗਾਏ ਜਾਣ ਲਈ ਪਹਿਲਾਂ ਤਿੰਨ ਸਤੰਬਰ ਨੂੰ ਮੀਟਿੰਗ ਰੱਖੀ ਗਈ ਸੀ ਪਰ ਮੁੱਖ ਸਕੱਤਰ ਨੇ ਇਹ ਮੀਟਿੰਗ ਮੁਲਤਵੀ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਦਬਾਅ ਕਾਰਨ ਇਹ ਮੀਟਿੰਗ 13 ਸਤੰਬਰ ਨੂੰ ਦੁਬਾਰਾ ਬੁਲਾਈ ਗਈ ਜਿਸ ’ਚ ਸਤੀਸ਼ ਚੰਦਰਾ ਨੂੰ ਲਗਾਉਣ ਦਾ ਫ਼ੈਸਲਾ ਹੋਇਆ। ਗ੍ਰਹਿ ਵਿਭਾਗ ਨੇ ਅੱਜ ਉਨ੍ਹਾਂ ਦੇ ਚੇਅਰਮੈਨ ਦੇ ਰੂਪ ਵਿਚ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਅਹੁਦਾ ਉਨ੍ਹਾਂ ਨੂੰ ਤਿੰਨ ਸਾਲ ਲਈ ਦਿੱਤਾ ਗਿਆ ਹੈ।

Posted By: Jagjit Singh