ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੇ ਨਾ ਕੋਈ ਧਰਮ ਵੇਖਿਆ, ਨਾ ਜਾਤ ਤੇ ਨਾ ਹੀ ਕਿਸੇ ਦੀ ਉਮਰ ਵੇਖੀ। ਇਸ ਮਹਾਮਾਰੀ ਦੀ ਲਪੇਟ ਵਿਚ ਆ ਕੇ ਲੱਖਾਂ ਲੋਕ ਆਪਣੀ ਜਾਨ ਗੁਆ ਬੈਠੇ ਹਨ। ਸੂਬੇ ਦੇ 15,562 ਵਿਅਕਤੀਆਂ ਦੀ ਜਾਨ ਕੋਰੋਨਾ ਲਾਗ ਕਾਰਨ ਜਾ ਚੁੱਕੀ ਹੈ।

ਸੋਮਵਾਰ ਨੂੰ ਇਨ੍ਹਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਜਾਗਰਣ ਗਰੁੱਪ ਦੀ ਤਰਫੋਂ ਸਰਬ ਧਰਮ ਪ੍ਰਾਰਥਨਾ ਸੰਮੇਲਨ ਕੀਤਾ ਗਿਆ। 11 ਵਜੇ ਤੋਂ ਲੈ ਕੇ 11.05 ਮਿੰਟ ਤਕ ਕੀਤੇ ਗਏ ਇਸ ਪ੍ਰਾਰਥਨਾ ਸੰਮੇਲਨ ਵਿਚ ਹਰ ਧਰਮ, ਜਾਤ, ਉਮਰ ਤੇ ਪਰੰਪਰਾਵਾਂ ਦੀ ਧਾਰਨਾ ਤੋਂ ਉੱਪਰ ਉੱਠ ਕੇ ਲੱਖਾਂ ਹੱਥ ਸ਼ਰਧਾਂਜਲੀ ਦੇਣ ਲਈ ਉੱਠੇ।ਮਹਿਜ਼ ਪੰਜ ਮਿੰਟ ਦੀ ਸਰਬ ਧਰਮ ਪ੍ਰਾਰਥਨਾ ਸਭਾ ਵਿਚ ਜਿੱਥੇ ਬੱਚਿਆਂ ਨੇ ਪ੍ਰਾਰਥਨਾ ਕੀਤੀ ਉਥੇ ਧਰਮ ਗੁਰੂਆਂ ਤੋਂ ਲੈ ਕੇ ਸਮਾਜ ਦੇ ਪਤਵੰਤੇ ਵਿਅਕਤੀਆਂ ਤੇ ਸਿਆਸੀ ਆਗੂਆਂ ਨੇ ਵੀ ਪ੍ਰਾਰਥਨਾ ਕੀਤੀ। ਕਾਂਗਰਸ ਦੇ ਮੰਤਰੀਆਂ ਦੇ ਨਾਲ ਹੀ ਸੂਬਾ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਏ।ਹਿੰਦੂ, ਮੁਸਲਿਮ, ਸਿੱਖ, ਈਸਾਈ ਧਰਮ ਦੇ ਆਗੂਆਂ ਤੋਂ ਇਲਾਵਾ ਗੁਰਦੁਆਰਿਆਂ ਤੇ ਦੁਰਗਿਆਣਾ ਮੰਦਰ ਵਿਚ ਪ੍ਰਾਰਥਨਾ ਕੀਤੀ ਗਈ। ਸਾਰੇ ਅਸਥਾਨਾਂ ’ਤੇ ਲੋਕਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਜਾਨ ਗੁਆ ਚੁੱਕੇ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਵੇਲੇ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ਾਮਲ ਹੋਏ, ਉਥੇ ਬੀਐੱਸਐੱਫ ਦੇ ਜਵਾਨ, ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਮੈਡੀਕਲ ਸਟਾਫ ਵੀ ਸਰਬ ਧਰਮ ਪ੍ਰਾਰਥਨਾ ਸੰਮੇਲਨ ਵਿਚ ਸ਼ਾਮਲ ਹੋਇਆ।ਅਜਿਹੇ ਆਯੋਜਨ ਨਾਲ ਮਨੋਬਲ ਵਧੇਗਾ : ਰਾਜਪਾਲ

ਰਾਜਪਾਲ ਵੀਪੀ ਸਿੰਘ ਬਦਨੌਰ ਨੇ ਆਪਣੇ ਦਫ਼ਤਰ ਵਿਚ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਜਾਗਰਣ ਗਰੁੱਪ ਦਾ ਇਹ ਯਤਨ ਸ਼ਲਾਘਾਯੋਗ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਜਿੱਥੇ ਮਿ੍ਰਤਕਾਂ ਨੂੰ ਸ਼ਰਧਾਂਜਲੀ ਦਿੱਤੀ ਉਥੇ ਪੀੜਤਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਨਾਲ ਕੋਰੋਨਾ ਯੋਧਿਆਂ ਦਾ ਮਨੋਬਲ ਵੱਧਦਾ ਹੈ ਤੇ ਸਾਰੀ ਜਨਤਾ ਮਹਾਮਾਰੀ ਦੇ ਵਿਰੁੱਧ ਇਕਜੁੱਟ ਹੋਵੇਗੀ।


ਜਾਨ ਗੁਆਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ :


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਧਰਮ ਸੰਮੇਲਨ ਵਿਚ ਹਿੱਸਾ ਲੈਂਦਿਆਂ ਹੋਇਆਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਕੀਤਾ ਹੈ। ਸਾਡੀ ਸਰਕਾਰ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਦਿਨ-ਰਾਤ ਮਰੀਜ਼ਾਂ ਦੀ ਸੇਵਾ ਵਿਚ ਲੱਗੇ ਰਹੇ ਹਨ। ਅਣਥਕ ਯਤਨਾਂ ਦੇ ਬਾਵਜੂਦ ਹਜ਼ਾਰਾਂ ਜਾਨਾਂ ਨੂੰ ਅਸੀਂ ਬਚਾਅ ਨਹੀਂ ਸਕੇ ਹਾਂ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।


ਸਾਰੇ ਇਕਜੁੱਟ ਹੋਣ : ਸੁਖਬੀਰ ਬਾਦਲ


ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਸ ਮਹਾਮਾਰੀ ਨੇ ਮਾਨਵਤਾ ਦੀ ਆਤਮਾ ਨੂੰ ਨੁਕਸਾਨ ਪਹੁੰਚਾਇਆ ਹੈ। ਇਕ ਪਾਸੇ ਸਮਾਜ ਦਾ ਇਕ ਵਰਗ ਲੋਕਾਂ ਦੀ ਸੇਵਾ ਵਿਚ ਲੱਗਾ ਹੋਇਆ ਸੀ ਤਾਂ ਦੂਜੇ ਪਾਸੇ ਇਹ ਹਾਲਾਤ ਵੀ ਬਣੇ ਵੇਖੇ ਹਨ ਕਿ ਮਿ੍ਤਕ ਦੇ ਸਸਕਾਰ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ। ਇਸ ਮਹਾਮਾਰੀ ਵਿਚ ਸਭ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ। ਉਥੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਸਰਬ ਧਰਮ ਸੰਮੇਲਨ ਵਿਚ ਹਿੱਸਾ ਲਿਆ।


ਹੋਰ ਜਾਨਾਂ ਨਾ ਜਾਣ : ਜਾਖੜ

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਯਕੀਨੀ ਤੌਰ ’ਤੇ ਸਾਰਾ ਸੰਸਾਰ, ਦੇਸ਼ ਤੇ ਪੰਜਾਬ ਸੰਕਟ ਦੇ ਦੌਰ ਵਿੱਚੋਂ ਲੰਘਿਆ ਹੈ ਤੇ ਸੰਕਟ ਹਾਲੇ ਜਾਰੀ ਹੈ। ਕਦੇ ਆਕਸੀਜਨ ਨੂੰ ਲੈ ਕੇ ਭਾਜੜ ਪਈ ਤਾਂ ਕਦੇ ਦਵਾਈਆਂ ਦੀ ਕਮੀ ਵੇਖਣ ਨੂੰ ਮਿਲੀ। ਅਸੀਂ ਸਾਰੇ ਵਿੱਛੜੇ ਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਵੀ ਸਰਬ ਧਰਮ ਪ੍ਰਾਰਥਨਾ ਵਿਚ ਹਿੱਸਾ ਲਿਆ।