ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਾਰ ਸਰਕਾਰ ਵਿਰੁੱਧ ਫਤਵਾ ਹੈ, ਜੋ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਨ੍ਹਾਂ ਨੇ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਉਸਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਨੇ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦਿਆਂ ਸਿਮਰਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਸਿਰਫ 100 ਦਿਨ ਪਹਿਲਾਂ ਸੱਤਾ ਵਿੱਚ ਆਈ ਪਾਰਟੀ ਦੀ ਇਸ ਤਰ੍ਹਾਂ ਨਾਲ ਹਾਰ ਦੀ ਉਮੀਦ ਨਹੀਂ ਸੀ ਅਤੇ ਸੰਗਰੂਰ ਵਿੱਚ ਕਰੀਬ 4.50 ਲੱਖ ਲੋਕਾਂ ਨੇ ‘ਆਪ’ ਦੇ ਉਮੀਦਵਾਰ ਖ਼ਿਲਾਫ਼ ਵੋਟਾਂ ਪਾਈਆਂ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਦੇ ਤਾਨਾਸ਼ਾਹੀ ਅਤੇ ਨਿਰੰਕੁਸ਼ ਰਵੱਈਏ ਖਿਲਾਫ ਸਪੱਸ਼ਟ ਫੈਸਲਾ ਦਿੱਤਾ ਹੈ, ਜੋ ਕਿ ਚੰਗੇ ਸ਼ਾਸਨ ਦੀ ਸੋਚ ਨਾਲ ਕੰਮ ਕਰਨ ਦੀ ਬਜਾਏ ਬਦਲਾਖੋਰੀ ਦੀ ਨੀਤੀ 'ਤੇ ਜ਼ਿਆਦਾ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਅਸਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਹੈ, ਜੋ ਪਰਦੇ ਪਿੱਛੇ ਸਾਰੀਆਂ ਖੇਡਾਂ ਖੇਡ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਭਗਵੰਤ ਮਾਨ ਲਈ ਇਕ ਸਬਕ ਹੋਵੇਗਾ, ਜਿਨ੍ਹਾਂ ਨੇ ਕੇਜਰੀਵਾਲ ਨੂੰ ਆਪਣਾ ਅਧਿਕਾਰ ਸੌਂਪ ਦਿੱਤੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਇਸ਼ਾਰਿਆਂ ਤੇ ਚੱਲਦੇ ਹਨ।

ਆਪ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਪੰਜਾਬੀਆਂ ਨੇ ਤੁਹਾਨੂੰ ਸ਼ਾਨਦਾਰ ਜਿੱਤ ਦਿਵਾਈ ਸੀ, ਤਾਂ ਉਹ ਤੁਹਾਨੂੰ ਇੱਕ ਵਾਰ ਵਿੱਚ ਸਾਫ਼ ਕਰਕੇ ਖੁੱਡੇ ਲਾਈਨ ਵੀ ਲਗਾ ਸਕਦੇ ਹਨ।

Posted By: Jagjit Singh