ਪੰਜਾਬੀ ਜਾਗਰਣ ਬਿਊਰੋ : ਚੰਡੀਗੜ੍ਹ : ਪੰਜਾਬ ਸਰਕਾਰ ਨੇ ਐੱਸ ਚਟੋਪਾਧਿਆਏ ਨੂੰ ਡੀਜੀਪੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਨਿਯੁਕਤ ਕੀਤਾ ਹੈ। ਗ੍ਰਹਿ ਵਿਭਾਗ ਨੇ ਜਾਰੀ ਕੀਤੇ ਪੱਤਰ ਅਨੁਸਾਰ ਐਸ ਚਟੋਪਾਧਿਆਏ ਨੂੰ ਵਿਜੀਲੈਂਸ ਦੇ ਡਾਇਰੈਕਟਰ ਬੀਕੇ ਉੱਪਲ ਦੇ ਛੁੱਟੀ 'ਤੇ ਜਾਣ ਕਾਰਨ ਇਹ ਵਾਧੂ ਚਾਰਜ ਦਿੱਤਾ ਗਿਆ ਹੈ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਨਿਯੁਕਤੀ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵਾਧੂ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ।

ਵਰਨਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਐਸ ਚਟੋਪਾਧਿਆਏ ਨੂੰ ਪੰਜਾਬ ਪੁਲਿਸ ਦਾ ਮੁਖੀ (ਡੀਜੀਪੀ) ਲਗਾਉਣਾ ਚਾਹੁੰਦੇ ਸਨ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਹੈ ਜਿਸ ਕਾਰਨ ਨਵਜੋਤ ਸਿੱਧੂ ਖ਼ਫ਼ਾ ਹੋ ਗਏ। ਨਵਜੋਤ ਸਿੱਧੂ ਨੇ ਅੱਜ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਹੀ ਸਰਕਾਰ ਨੇ ਦੇਰ ਰਾਤ ਐੱਸ ਚਟੋਪਾਧਿਆਏ ਦੇ ਤਾਜ਼ਾ ਹੁਕਮ ਜਾਰੀ ਕੀਤੇ ਹਨ।

Posted By: Jagjit Singh