ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਰਾਈਵਿੰਗ ਲਾਇਸੈਂਸ, ਰਜਿਸਟੇ੍ਸ਼ਨ ਸਰਟੀਫ਼ਿਕੇਟਾਂ ਤੇ ਹਾਈ ਸਕਿਓਰਿਟੀ ਨੰਬਰਾਂ ਪਲੇਟਾਂ ਵਿਚ ਦੇਰੀ ਤੇ ਲਟਕਦੇ ਆ ਰਹੇ ਮਾਮਲਿਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਪ੍ਰਕਿਰਿਆ ਸਮਾਂਬੱਧ, ਦਰੁਸਤ ਤੇ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਰਾਜਾ ਵੜਿੰਗ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਉਹ ਲੰਬਿਤ ਮਾਮਲਿਆਂ ਦੇ ਨਿਬੇੜੇ ਲਈ ਸ਼ਨਿਚਰਵਾਰ ਨੂੰ ਕੰਮ ਕਰਨ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟਰੈਕ ਖੋਲ੍ਹ ਕੇ ਰੱਖਣ। ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ।

ਟਰਾਂਸਪੋਰਟ ਵਿਭਾਗ ਵੱਲੋਂ ਸਮਾਰਟ ਡਰਾਈਵਿੰਗ ਲਾਈਸੈਂਸ ਬਣਾਉਣ ਵਾਲੀ ਚੰਡੀਗੜ੍ਹ ਸਥਿਤ ਕੇਂਦਰੀਕ੍ਰਿਤ ਕੰਪਨੀ ‘ਸਮਾਰਟ ਚਿੱਪ’ ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਦੀ 3 ਦਿਨ ਦੀ ਨਿਰਧਾਰਤ ਸਮਾਂ-ਹੱਦ ਮੁਤਾਬਕ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਵੜਿੰਗ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਨੀ ਵੱਲੋਂ ਦੇਰੀ ਕਰਨ ’ਤੇ ਜੁਰਮਾਨਾ ਲਾਉਣ ਲਈ ਕਿਹਾ ਹੈ। ਟਰਾਂਸਪੋਰਟ ਮੰਤਰੀ ਨੇ ਪੋਸਟਲ ਅਧਿਕਾਰੀਆਂ ਨੂੰ ਸੂਬੇ ਦੇ ਡਾਕਘਰਾਂ ਤੋਂ ਲੋਕਾਂ ਨੂੰ ਲਾਈਸੈਂਸ ਪ੍ਰਾਪਤ ਕਰਨ ਦਾ 7 ਦਿਨ ਦਾ ਸਮਾਂ ਵਧਾ ਕੇ 15 ਦਿਨ ਕਰਨ ਲਈ ਚਾਰਾਜੋਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਡਾਕਘਰਾਂ ਤੋਂ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰਨ ਦਾ ਸਮਾਂ 15 ਦਿਨ ਕਰ ਦਿੱਤਾ ਜਾਂਦਾ ਹੈ ਤਾਂ ਲਾਈਸੈਂਸ ਨਾ ਮਿਲਣ ਆਦਿ ਦੀਆਂ ਸ਼ਿਕਾਇਤਾਂ ਵਿਚ ਜ਼ਾਹਰਾ ਤੌਰ ’ਤੇ ਵੱਡੀ ਕਮੀ ਆਵੇਗੀ।

ਵੜਿੰਗ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਸੜੂ ਦੇ ਜਗਬੀਰ ਸਿੰਘ ਨੂੰ ਉਸ ਦੇ ਨਵੇਂ ਸਕੂਟਰ ਤੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਸ਼ਹਿਰ ਦੇ ਅਵਿਨਾਸ਼ ਗੋਇਲ ਨੂੰ ਉਸ ਦੀ ਕਾਰ ਦੀ ਆਰਸੀ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਮੁੜ ਅਪੀਲ ਕੀਤੀ ਕਿ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਲਈ ਉਨ੍ਹਾਂ ਦੇ ਵੱਟਸਐਪ ਨੰਬਰ 9478454701 ’ਤੇ ਬੇਝਿਜਕ ਸਾਂਝੀ ਕਰਨ। ਟਰਾਂਸਪੋਰਟ ਵਿਭਾਗ ਨਾਲ ਸਬੰਧਤ ਲੰਬਿਤ ਮਾਮਲਿਆਂ ਦੇ ਨਿਬੇੜੇ ਲਈ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਮੇਲੇ ਲਾਉਣ ਦਾ ਸੁਝਾਅ ਦਿੰਦਿਆਂ ਰਾਜਾ ਵੜਿੰਗ ਨੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੂੰ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਪਲੇਠਾ ਵਿਸ਼ੇਸ਼ ਮੇਲਾ ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਇਕ ਦਿਨਾ ਵਿਸ਼ੇਸ਼ ਮੇਲੇ ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

Posted By: Jatinder Singh