ਇੰਦਰਪ੍ਰੀਤ ਸਿੰਘ, ਚੰਡੀਗੜ੍ਹ: ਮਜ਼ਦੂਰਾਂ ਦੀ ਕਮੀ ਕਾਰਨ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ ਕਿਸਾਨਾਂ ਦੇ ਸੰਜਮ ਨੇ ਜਵਾਬ ਦੇ ਦਿੱਤਾ ਹੈ। ਖੇਤੀ ਵਿਭਾਗ ਨੇ ਦਾਅਵਾ ਕੀਤਾ ਸੀ ਕਿ 20 ਫੀਸਦੀ ਕਿਸਾਨਾਂ ਨੇ ਇਸ ਵਾਰ ਸਿੱਧੀ ਬਿਜਾਈ ਕੀਤੀ ਹੈ। ਇਸ ਨਾਲ 80 ਫੀਸਦੀ ਪਾਣੀ ਦੀ ਬਚਤ ਹੋਣ ਦੀ ਸੰਭਾਵਨਾ ਹੈ। ਇਸ ਤਕਨੀਕ ਰਾਹੀਂ ਲਗਾਇਆ ਝੋਨਾ ਪੁੰਗਰਣ 'ਚ 21 ਤੋਂ 25 ਦਿਨ ਲੈਂਦਾ ਹੈ।

ਕਈ ਕਿਸਾਨ ਏਨਾ ਹੌਸਲਾ ਨਹੀਂ ਰੱਖ ਸਕੇ। ਲਿਹਾਜ਼ਾ, ਮਜ਼ਦੂਰਾਂ ਦੇ ਪੰਜਾਬ ਪਰਤਦੇ ਹੀ ਉਨ੍ਹਾਂ ਨੇ ਸਿੱਧੀ ਬਿਜਾਈ ਖਤਮ ਕਰ ਕੇ ਫਿਰ ਤੋਂ ਖੇਤਾਂ ਨੂੰ ਕੱਦੂ ਕੀਤਾ ਤੇ ਬਿਜਾਈ ਰਾਹੀਂ ਝੋਨਾ ਲਾ ਦਿੱਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਨੇ ਵੀ ਕਿਸਾਨਾਂ ਨੂੰ ਇੰਝ ਕਰਨ ਤੋਂ ਨਹੀਂ ਰੋਕਿਆ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹੋਲੀ ਦੇ ਕਿਸਾਨ ਚਰਨਜੀਤ ਸਿੰਘ ਨੇ 32 ਏਕੜ ਜ਼ਮੀਨ 'ਤੇ ਸਿੱਧੀ ਬਿਜਾਈ ਕੀਤੀ ਸੀ। ਉਹ ਸ਼ੁਰੂ ਤੋਂ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ ਵੀ ਨਜ਼ਰ ਆਏ ਸਨ, ਕਿਉਂਕਿ ਇਸ ਤਰ੍ਹਾਂ ਦੀ ਤਕਨੀਕ ਨਾਲ ਲੇਬਰ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਪਾਣੀ ਦੀ ਵਾਰੀ ਦਾ ਇੰਤਜਾਰ ਕਰਨਾ ਪੈਂਦਾ ਹੈ। ਝੋਨੇ ਦੀ ਬਿਜਾਈ ਵੇਲੇ ਪਾਣੀ ਦੀ ਵਾਰੀ ਆਉਣਾ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਪਾਵਰਕਾਮ ਅਕਸਰ ਰਾਤ ਨੂੰ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੰਦਾ ਹੈ। ਚਰਨਜੀਤ ਸਿੰਘ ਨੇ ਦੱਸਿਆ ਕਿ 15 ਦਿਨਾਂ ਤੋਂ ਵੱਧ ਹੋ ਗਏ ਸਨ, ਇੰਜ ਲੱਗ ਰਿਹਾ ਸੀ ਕਿ ਖੇਤਾਂ 'ਚ ਝੋਨਾ ਲਾਇਆ ਹੀ ਨਹੀਂ ਹੈ, ਜਦਕਿ ਰਿਵਾਇਤੀ ਤਰੀਕੇ ਨਾਲ ਜਿਹੜੇ ਕਿਸਾਨਾਂ ਨੇ ਝੋਨਾ ਲਾਇਆ ਸੀ ਉਸ ਦੀ ਗ੍ਰੋਥ ਵੱਧ ਸੀ।

ਮਹੋਲੀ ਪਿੰਡ ਦੇ ਸਰਪੰਚ ਸੂਰਤ ਸਿੰਘ ਨੇ ਵੀ ਆਪਣੀ 15 ਏਕੜ ਜ਼ਮੀਨ 'ਤੇ ਸਿੱਧੀ ਬਿਜਾਈ ਕੀਤੀ ਸੀ, ਪਰ ਉਨ੍ਹਾਂ ਨੇ ਵੀ ਫਿਰ ਤੋਂ ਖੇਤ ਵਾਹ ਕੇ ਖੇਤਾਂ 'ਚ ਪਾਣੀ ਛੱਡ ਕੇ ਝੋਨਾ ਲਵਾਇਆ। ਸੂਰਤ ਸਿੰਘ ਦੱਸਦੇ ਹਨ ਕਿ ਖੇਤ ਸੁੱਕ ਰਹੇ ਸਨ ਤੇ ਦਵਾਈਆਂ 'ਤੇ ਵੀ ਬਹੁਤ ਖਰਚ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 80 ਫੀਸਦੀ ਲੋਕਾਂ ਨੇ ਖੇਤਾਂ 'ਚ ਫਿਰ ਤੋਂ ਝੋਨਾ ਲਗਾਇਆ ਹੈ।

ਸਿੱਧੀ ਬਿਜਾਈ ਤਕਨੀਕ ਦੇ ਪ੍ਰਚਾਰ ਕਰ ਰਹੇ ਖੇਤੀ ਮਾਹਰ ਡਾ. ਦਲੇਰ ਸਿੰਘ ਇਸ ਦੇ ਲਈ ਪੀਏਯੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਆਰੀਆਂ ਬਣਾ ਕੇ ਉਸ 'ਤੇ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਸੀ, ਪਰ ਪੀਏਯੂ ਨੇ ਵੱਟਾਂ ਬਣਾ ਕੇ ਅਜਿਹਾ ਕਰਨ ਨੂੰ ਕਿਹਾ। ਅਸੀਂ ਕਿਸਾਨਾਂ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਬਿਜਾਈ ਕਰਨ ਦੇ 24 ਘੰਟੇ 'ਚ ਬਾਰਿਸ਼ ਹੋ ਜਾਵੇ ਤਾਂ ਖੇਤਾਂ ਦੀ ਉਪਰਲੀ ਤੈਅ ਨੂੰ ਤੋੜ ਦਿੱਤਾ ਜਾਵੇ। ਕਈ ਥਾਵਾਂ 'ਤੇ ਕਿਸਾਨਾਂ ਨੇ ਇੰਜ ਨਹੀਂ ਕੀਤਾ।

ਦੁਬਾਰਾ ਖਰਚਾ ਕਰਨ ਵਾਲੇ ਕਿਸਾਨਾਂ ਨੂੰ ਪਛਤਾਉਣਾ ਪਵੇਗਾ

ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਇਹ ਵਧੀਆ ਮੌਕਾ ਸੀ ਕਿ ਅਸੀਂ ਇਕ ਸਾਲ ਸਿੱਧੀ ਬਿਜਾਈ ਦਾ ਤਜ਼ਰਬਾ ਕਰ ਕੇ ਵੇਖਦੇ। ਕਈ ਵਾਰ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਵੀ ਕਿਹਾ ਕਿ ਬਿਜਾਈ ਦੇ 21 ਦਿਨ ਬਾਅਦ ਬੂਟਾ ਪੁੰਗਰਣਾ ਸ਼ੁਰੂ ਕਰਦਾ ਹੈ ਤੇ 25 ਦਿਨਾਂ 'ਚ ਪੂਰਾ ਲਹਿਰਾਉਣ ਲੱਗ ਪੈਂਦਾ ਹੈ। ਪਰ ਕਿਸਾਨਾਂ ਨੇ ਕਾਹਲੇ ਪੈ ਕੇ ਖੇਤਾਂ ਨੂੰ ਵਾਹ ਦਿੱਤਾ ਹੈ। ਜਿਹੜੇ ਕਿਸਾਨਾਂ ਨੇ ਖੇਤਾਂ 'ਤੇ ਦੁਬਾਰਾ ਖਰਚਾ ਕੀਤਾ ਹੈ ਉਨ੍ਹਾਂ ਨੇ ਪਛਤਾਉਣਾ ਪਵੇਗਾ। ਡਾ. ਦਲੇਰ ਸਿੰਘ ਦੱਸਦੇ ਹਨ ਕਿ ਕਿਆਰੀਆਂ ਨਾਲ ਸਿਰਫ 20 ਫੀਸਦੀ ਪਾਣੀ ਦੀ ਲੋੜ ਹੁੰਦੀ ਹੈ। ਬਰਸਾਤੀ ਪਾਣੀ ਨੂੰ ਵੀ ਰੀਚਾਰਜ ਕੀਤਾ ਜਾ ਸਕਦਾ ਹੈ।

ਭੂ-ਜਲ ਦਾ ਵੱਡਾ ਸੰਕਟ

ਝੋਨੇ ਦੇ ਘੱਟੋ ਘੱਟ ਸਮੱਰਥਨ ਮੁੱਲ (ਐੱਮਐੱਸਪੀ) 'ਤੇ ਖਰੀਦ ਕਾਰਨ ਕਿਸਾਨ ਵੱਧ ਪਾਣੀ ਖਰਚ ਕਰਨ ਵਾਲੀ ਇਸ ਖੇਤੀ ਨੂੰ ਬਦਲਣ ਨੂੰ ਤਿਆਰ ਨਹੀਂ ਹਨ। ਪੰਜਾਬ ਦੇ 141 'ਚੋਂ 107 ਬਲਾਕ ਡਾਰਕ ਜ਼ੋਨ 'ਚ ਹਨ ਤੇ ਜੋ ਨਹੀਂ ਹਨ, ਉਹ ਸਿਰਫ ਇਸ ਕਾਰਨ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਭੂ-ਜਲ ਖਰਾਬ ਹੈ।