ਅੰਕੁਰ ਤਾਂਗੜੀ, ਚੰਡੀਗੜ੍ਹ

ਚੰਡੀਗੜ੍ਹ ਪੁਲਿਸ ਨੇ ਜਿਸਮ-ਫਰੋਸ਼ੀ ਦਾ ਪਰਦਾਫਾਸ਼ ਕਰ ਕੇ ਚਾਰ ਮੁਲਜ਼ਮਾਂ ਨੂੰ ਚੰਡੀਗੜ੍ਹ ਦੇ ਸੈਕਟਰ-8 ਤੋਂ ਸਪਾ ਸੈਂਟਰਾਂ 'ਚੋਂ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਮੀਤ ਸਿੰਘ ਅਤੀਕ ਰਹਿਮਾਨ, ਵਿਨੋਦ ਉਰਫ਼ ਵਿੱਕੀ ਤੇ ਵਿਕਾਸ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋਵਾਂ ਸਪਾ ਸੈਂਟਰਾਂ ਤੋਂ ਕੁੱਲ 18 ਲੜਕੀਆਂ ਨੂੰ ਛੁਡਵਾਇਆ। ਥਾਈਲੈਂਡ ਦੀਆਂ ਕੁੜੀਆਂ ਜਿਨ੍ਹਾਂ ਨੂੰ ਪੁਲਿਸ ਨੇ ਛੁਡਵਾਇਆ ਹੈ, ਉਹ ਟੂਰਿਸਟ ਵੀਜ਼ੇ 'ਤੇ ਭਾਰਤ ਆਈਆਂ ਸਨ ਤੇ ਇੱਥੇ ਸਪਾ ਸੈਂਟਰਾਂ ਦੇ ਮਾਲਕਾਂ ਨੇ ਆਪਣੇ ਰਿਕਾਰਡ 'ਚ ਉਨ੍ਹਾਂ ਨੂੰ ਮੁਲਾਜ਼ਮ ਦਿਖਾਇਆ ਹੈ ਜੋ ਗੈਰ-ਕਾਨੂੰਨੀ ਹੈ। ਇਸ ਲਈ ਹੁਣ ਇਸ ਮਾਮਲੇ 'ਚ ਵਿਦੇਸ਼ੀ ਐਕਟ ਦੀ ਧਾਰਾ ਵੀ ਲਾਈ ਜਾਵੇਗੀ। ਦੂਜੇ ਪਾਸੇ ਜਿਨ੍ਹਾਂ ਲੜਕੀਆਂ ਨੂੰ ਛੁਡਵਾਇਆ ਗਿਆ ਹੈ, ਉਨ੍ਹਾਂ ਨੂੰ ਵਾਪਸ ਥਾਈਲੈਂਡ ਭੇਜਣ ਲਈ ਪੁਲਿਸ ਕਾਰਵਾਈ ਕਰੇਗੀ। ਟੂਰਿਸਟ ਵੀਜ਼ੇ 'ਤੇ ਆਈਆਂ ਥਾਈਲੈਂਡ ਤੇ ਨਾਰਥ ਈਸਟ ਤੋਂ ਕੁੜੀਆਂ ਨੂੰ ਸੱਦ ਕੇ ਉਨ੍ਹਾਂ ਤੋਂ ਦੇਹ ਵਪਾਰ ਕੀਤਾ ਜਾ ਰਿਹਾ ਸੀ। ਡੀਐੱਸਪੀ ਗੁਰਮੁਖ ਸਿੰਘ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਉਨ੍ਹਾਂ ਦੀ ਅਗਵਾਈ 'ਚ ਇਕ ਗਾਹਕ ਨੂੰ ਭੇਜਿਆ ਗਿਆ। ਖੁਲਾਸਾ ਹੋਇਆ ਕਿ ਕੁੱਲ 18 ਕੁੜੀਆਂ ਹਨ। ਇਸ ਮਾਮਲੇ 'ਚ ਪੁਲਿਸ ਇਨ੍ਹਾਂ ਲੜਕੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕਰ ਰਹੀ ਹੈ। ਇਸ ਦੀ ਜਾਣਕਾਰੀ ਵੀ ਪੁਲਿਸ ਨੂੰ ਗੁਪਤ ਤੌਰ 'ਤੇ ਮਿਲੀ ਸੀ।

ਇਸ ਸਬੰਧੀ ਥਾਣਾ ਸੈਕਟਰ-3 ਚੰਡੀਗੜ੍ਹ ਵਿਖੇ ਮੁਕੱਦਮਾ ਨੰਬਰ 25 ਮਿਤੀ 26 ਮਾਰਚ ਅਧੀਨ ਅਨੈਤਿਕ ਤਸਕਰੀ ਰੋਕੂ ਐਕਟ 1956 ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਉਕਤ ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰਿਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉੱਤਰ-ਪੂਰਬ ਦੀਆਂ ਲੜਕੀਆਂ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ।