-ਗਲੀਆਂ 'ਚ ਭਰਿਆਂ ਦੂਸ਼ਿਤ ਪਾਣੀ, ਅਧਿਕਾਰੀ ਨਹੀਂ ਕਰ ਰਹੇ ਸੁਣਵਾਈ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੀ ਹੱਦ 'ਚ ਸ਼ਾਮਲ ਕੀਤੇ ਪਿੰਡ ਕਈ ਸਾਲ ਬੀਤ ਜਾਣ ਮਗਰੋਂ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਬੁਨਿਆਦੀ ਸਹੂਲਤਾਂ ਨੂੰ ਤਰਸਦੇ ਵਾਰਡ ਨੰਬਰ-4 ਅਧੀਨ ਪੈਂਦੇ ਪਿੰਡ ਮੀਰਪੁਰ ਦੇ ਵਸਨੀਕ ਨਰਕ ਭਰੇ ਮਾਹੌਲ 'ਚ ਜ਼ਿੰਦਗੀ ਬਸਰ ਕਰ ਰਹੇ ਹਨ। ਇਕ ਪਾਸੇ ਸਾਫ਼-ਸਫ਼ਾਈ ਨਾ ਹੋਣ 'ਤੇ ਗਲ਼ੀਆਂ 'ਚ ਦੂਸ਼ਿਤ ਪਾਣੀ ਭਰਿਆ ਪਿਆ ਹੈ, ਦੂਜੇ ਪਾਸੇ ਰਾਹ ਨਾ ਮਿਲਣ 'ਤੇ ਦੂਸ਼ਿਤ ਪਾਣੀ 'ਚੋਂ ਨਿਕਲ ਕੇ ਜਾਣਾ ਪੈ ਰਿਹਾ ਹੈ। ਹਾਲਾਤ ਇਸ ਕਦਰ ਮਾੜੇ ਹੋਏ ਪਏ ਹਨ ਕਿ ਲੋਕ ਘਰਾਂ 'ਚੋਂ ਬਾਹਰ ਵੀ ਨਹੀਂ ਨਿਕਲ ਸਕਦੇ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਰਾਜ 'ਚ ਸਿਸਟਮ ਦਾ ਜਿਨ੍ਹਾਂ ਮਾੜਾ ਹਾਲ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਸਰਕਾਰੀ ਦਫ਼ਤਰਾਂ 'ਚ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ। ਮੀਰਪੁਰ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਿਆਦ ਕਰਦਿਆਂ ਉਨ੍ਹਾਂ ਦੀ ਸਮੱਸਿਆਵਾਂ ਹਲ ਕਰਨ ਦੀ ਗੁਹਾਰ ਲਾਈ ਹੈ।

ਮੁਬਾਰਿਕਪੁਰ ਡੀਐੱਸਪੀ ਦਫ਼ਤਰ ਦੇ ਸਾਹਮਣੇ ਪੈਂਦੇ ਖੇਤਰ 'ਚ ਰਹਿੰਦੇ ਸੁਖਬੀਰ ਸਿੰਘ, ਰੀਟਾ, ਰਾਜ ਰਾਣੀ, ਸਤਪਾਲ ਸਿੰਘ, ਦਰਸ਼ਨ ਸਿੰਘ, ਰੇਖਾ, ਸਰੋਜ ਰਾਣੀ ਸਮੇਤ ਹੋਰਨਾਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਕਈ ਮਹੀਨਿਆਂ ਤੋਂ ਸਫ਼ਾਈ ਨਾ ਹੋਣ 'ਤੇ ਨਾਲੀਆਂ ਬੰਦ ਹੋ ਗਈਆਂ ਹਨ। ਨਾਲੀਆਂ ਦਾ ਗੰਦਾ ਪਾਣੀ ਗਲੀਆਂ 'ਚ ਭਰਿਆ ਪਿਆ ਹੈ। ਵਾਰਡ ਦੇ ਕੌਂਸਲਰ ਸਮੇਤ ਨਗਰ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰਨ 'ਤੇ ਕਿਸੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਗਲੀਆਂ 'ਚ ਦੂਸ਼ਿਤ ਪਾਣੀ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਪਾਣੀ 'ਚੋਂ ਨਿਕਲ ਕੇ ਜਾਣਾ ਪੈ ਰਿਹਾ ਹੈ ਅਤੇ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ।

ਇਸ ਬਾਰੇ ਗੱਲ ਕਰਨ 'ਤੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਜਲਦ ਹੀ ਸਫ਼ਾਈ ਕਰਮੀਆਂ ਨੂੰ ਭੇਜ ਕੇ ਸਫ਼ਾਈ ਕਰਵਾ ਦਿੱਤੀ ਜਾਵੇਗੀ।