ਬੀਤੀ 14 ਮਈ ਨੂੰ ਬਲਾਕ ਡੇਰਾਬੱਸੀ ਦੇ ਪਿੰਡ ਸੁੰਢਰਾਂ ਵਿੱਖੇ ਮਜਦੂਰ ਪਰਿਵਾਰਾਂ ਦੀਆਂ 50 ਦੇ ਕਰੀਬ ਝੁੱਗੀਆਂ- ਝੌਂਪੜੀਆਂ ਨੂੰ ਅੱਗ ਲਗਾਉਣ ਤੇ ਉਸ ਵਿੱਚ ਇਕ ਢਾਈ ਸਾਲਾ ਬੱਚੀ ਦੇ ਜਿਉਂਦੇ ਸੜ ਕੇ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਦੇ ਸਬੰਧ ਵਿੱਚ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੁਹਾਲੀ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਅਤੇ ਸਟੂਡੈਂਟਸ ਫਾਰ ਸੁਸਾਇਟੀ, ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਨੁਮਾਇੰਦਿਆਂ 'ਤੇ ਅਧਾਰਿਤ ਇਕ ਵਫਦ ਸਹਾਇਕ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮਿਲਿਆ ਤੇ ਪੀੜਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜਾ ਦੇਣ ਸਬੰਧੀ ਮੰਗ ਪੱਤਰ ਸੌਪਿਆ ਗਿਆ।

ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਇਕਾਈ ਚੰਡੀਗੜ ਦੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਤੇ ਪ੍ਰੈਸ ਸਕੱਤਰ ਮਨਪ੍ਰੀਤ ਜਸ ਨੇ ਕਿਹਾ ਕਿ ਮਜਦੂਰ ਝੁੱਗੀਆਂ ਨੂੰ ਸਾੜੇ ਜਾਣ ਤੇ ਬੱਚੀ ਦੀ ਮੌਤ ਦੀ ਘਟਨਾ ਨੂੰ ਛੇ ਦਿਨ ਹੋ ਚੁੱਕੇ ਹਨ ਪਰ ਅਜੇ ਤਕ ਵੀ ਪ੍ਰਸਾਸ਼ਨ ਵੱਲੋਂ ਪੀੜਤ ਪਰਿਵਾਰਾਂ ਤੇ ਬੱਚੀ ਦੇ ਪਰਿਵਾਰ ਨੂੰ ਰਾਹਤ ਪਹੁੰਚਾਉਣ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ ਗਈ। ਮਜਦੂਰ ਪਰਿਵਾਰਾਂ ਦੀਆਂ ਝੁੱਗੀਆਂ ਤੇ ਸਾਰਾ ਘਰੇਲੂ ਸਮਾਨ ਅੱਗ ਵਿੱਚ ਪੂਰੀ ਤਰਾਂ ਸੜ ਚੁੱਕਾ ਹੈ ਤੇ ਹੁਣ ਉਹਨਾਂ ਕੋਲ ਨਾ ਸਿਰ ਢਕਣ ਲਈ ਛੱਤ ਹੈ ਤੇ ਨਾਂ ਕੋਈ ਹੋਰ ਸਮਾਨ। ਜਥੇਬੰਦੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਅੱਗ ਵਿੱਚ ਸੜ ਗਈ ਬੱਚੀ ਦੇ ਪਰਿਵਾਰ ਨੂੰ 15 ਲੱਖ ਰੁਪਏ ਫੌਰੀ ਮੁਆਵਜਾ ਦਿੱਤਾ ਜਾਵੇ। ਹਰੇਕ ਮਜਦੂਰ ਪਰਿਵਾਰਾਂ ਨੂੰ ਰਾਹਤ ਵਜੋਂ 10,000 ਰੁਪਏ ਤੇ ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਵੇ। ਮਜਦੂਰ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 4 ਮਰਲੇ ਦੇ ਪਲਾਟਾਂ ਉੱਤੇ ਪੱਕੇ ਘਰ ਬਣਾਕੇ ਦਿੱਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਜਮਹੂਰੀ ਅਧਿਕਾਰ ਸਭਾ ਦੀ ਪੜਤਾਲੀਆ ਰਿਪੋਰਟ ਮੁਤਾਬਕ ਇਹ ਅੱਗ ਨਾਲ ਇਤਫਾਕੀਆ ਵਾਪਰਿਆ ਹਾਦਸਾ ਨਹੀਂ ਹੈ ਸਗੋਂ ਮਜਦੂਰ ਝੁੱਗੀਆਂ ਨੂੰ ਅੱਗ ਜਾਣ-ਬੁੱਝ ਕੇ ਪੰਚਾਇਤੀ ਜਮੀਨ ਤੇ ਕਬਜਾ ਕਰਨ ਦੀ ਮਨਸ਼ਾ ਨਾਲ ਲਗਾਈ ਗਈ ਜਾਪਦੀ ਹੈ। ਇਸ ਲਈ ਦੋਸ਼ੀਆਂ ਖਿਲਾਫ਼ ਦਰਜ ਕੀਤੀ ਧਾਰਾ 304 ਏ ਦੀ ਬਜਾਏ ਧਾਰਾ 304 ਲਗਾਈ ਜਾਵੇ।ਮੁੱਖ ਦੋਸ਼ੀ ਸੋਨੂੰ ਦਾ ਨਾਮ ਐਫ.ਆਈ.ਆਰ. ਵਿੱਚ ਸ਼ਾਮਿਲ ਕੀਤਾ ਜਾਵੇ ਤੇ ਮਸਲੇ ਦੀ ਹੋਰ ਵੱਧ ਪੜਤਾਲ ਕਰਕੇ ਇਸ ਵਿੱਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਵੀ ਨਾਮਜਦ ਕੀਤਾ ਜਾਵੇ ਤੇ ਗ੍ਰਿਫ਼ਤਾਰ ਕੀਤਾ ਜਾਵੇ।

ਏ.ਡੀ.ਸੀ. ਮੋਹਾਲੀ ਨੇ ਵਫਦ ਨੂੰ ਦੱਸਿਆ ਕਿ ਬੀਤੀ ਰਾਤ ਮਜਦੂਰ ਪਰਿਵਾਰਾਂ ਨੂੰ ਜਰੂਰਤ ਦਾ ਕੁਝ ਸਮਾਨ, ਟੈਂਟ ਤੇ ਤਰਪਾਲਾਂ ਆਦਿ ਪਹੁੰਚਾਏ ਗਏ ਹਨ। ਉਹਨਾਂ ਯਕੀਨ ਦੁਆਇਆ ਕਿ ਇਹਨਾਂ ਸਾਰੀਆਂ ਮੰਗਾਂ ਤੇ ਤੁਰੰਤ ਧਿਆਨ ਦੇਕੇ ਕਾਰਵਾਈ ਕੀਤੀ ਜਾਵੇਗੀ।

ਇਸ ਵਫਦ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਲਖਵਿੰਦਰ ਸਿੰਘ ਹੈਪੀ ਬਲਾਕ ਪ੍ਰਧਾਨ ਬੀ.ਕੇ.ਯੂ.(ਉਗਰਾਹਾਂ) ਡੇਰਾਬੱਸੀ, ਅੰਗਰੇਜ ਸਿੰਘ ਜਿਲ੍ਹਾ ਪ੍ਰਧਾਨ ਮੁਹਾਲੀ ਬੀ.ਕੇ.ਯੂ. (ਡਕੌੰਦਾ) ਅਤੇ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂ ਸੋਨੀ ਵੀ ਸ਼ਾਮਿਲ ਸਨ।

Posted By: Sandip Kaur