ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਸਬੰਧ ਬਣਾਉਣ ਦੇ ਮੁਲਜ਼ਮ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ ਦੇ ਜੱਜ ਅਰਵਿੰਦ ਸਿੰਘ ਸਾਂਗਵਾਨ ਨੇ ਅੰਮ੍ਰਿਤਸਰ ਵਾਸੀ ਕੰਵਰਬੀਰ ਸਿੰਘ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ 'ਚ ਜਾ ਕੇ ਵਿਆਹ ਦਾ ਵਿਸ਼ਵਾਸ ਦਿਵਾ ਕੇ ਸਬੰਧ ਬਣਾਉਣ ਵਾਲੇ ਮੁਲਜ਼ਮ ਤੋਂ ਪੁੱਛਗਿੱਛ ਜ਼ਰੂਰੀ ਹੈ। ਮੁਲਜ਼ਮ ਨੇ ਹਾਈ ਕੋਰਟ 'ਚ ਅਪੀਲ ਦਾਖਲ ਕਰਦਿਆਂ ਪੇਸ਼ਗੀ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਅਪੀਲ 'ਚ ਕਿਹਾ ਗਿਆ ਕਿ ਆਸਟ੍ਰੇਲੀਆ ਦੀ ਰਹਿਣ ਵਾਲੀ ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਸ ਨਾਲ ਦੋਸਤੀ ਕੀਤੀ ਤੇ ਉਸ ਨੂੰ ਵਿਆਹ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਬਾਅਦ ਜਦ ਉਹ ਅੰਮ੍ਰਿਤਸਰ ਆਈ ਤਾਂ ਉਹ ਉਸ ਨੂੰ ਗੁਰਦੁਆਰਾ ਸਾਹਿਬ 'ਚ ਲੈ ਗਿਆ ਤੇ ਸਹੁੰ ਚੁੱਕੀ ਕਿ ਉਹ ਉਸ ਨਾਲ ਵਿਆਹ ਕਰਵਾਏਗਾ। ਲੜਕੀ ਨੇ ਕਿਹਾ ਕਿ ਉਹ ਐੱਸਸੀ ਵਰਗ ਨਾਲ ਸਬੰਧਤ ਹੈ, ਜਿਸ 'ਤੇ ਮੁਲਜ਼ਮ ਨੇ ਕਿਹਾ ਕਿ ਉਹ ਆਪਣੇ ਘਰ ਵਾਲਿਆਂ ਨੂੰ ਵਿਆਹ ਲਈ ਮਨਾ ਲਵੇਗਾ। ਇਸ ਤੋਂ ਬਾਅਦ ਉਸ ਨੇ ਸਰੀਰਕ ਸਬੰਧਾਂ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦ ਉਸ ਨੇ ਮਨ੍ਹਾਂ ਕੀਤਾ ਤਾਂ ਉਸ ਨੇ ਖਾਣੇ 'ਚ ਨਸ਼ੀਲੀ ਚੀਜ਼ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਵੀ ਉਸ ਨੇ ਕਈ ਵਾਰ ਉਸ ਨਾਲ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਏ। ਹਾਈ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਮੁਲਜ਼ਮ ਜਾਣਦਾ ਸੀ ਕਿ ਲੜਕੀ ਕਿਸੇ ਹੋਰ ਜਾਤੀ ਵਰਗ ਨਾਲ ਸਬੰਧਤ ਹੈ ਤੇ ਉਸ ਦੇ ਪਰਿਵਾਰ ਵਾਲੇ ਵਿਆਹ ਲਈ ਨਹੀਂ ਮੰਨਣਗੇ। ਇਸ ਦੇ ਬਾਵਜੂਦ ਸਰੀਰਕ ਸਬੰਧ ਬਣਾਏ। ਇਸ ਲਈ ਪੇਸ਼ਗੀ ਜ਼ਮਾਨਤ ਦੇਣ ਤੋਂ ਪਹਿਲਾਂ ਮੁਲਜ਼ਮ ਤੋਂ ਪੁੱਛਗਿੱਛ ਜ਼ਰੂਰੀ ਹੈ।

Posted By: Susheel Khanna