ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਐੱਸਏਐੱਸ ਨਗਰ ਅਤੇ ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ ਪੰਜਾਬ ਵੱਲੋਂ ਮੋਟਰ ਵਹੀਕਲ ਇੰਸਪੈਕਟਰ ਐਸ. ਏ. ਐਸ. ਨਗਰ ਦੇ ਦਫਤਰ ਵਿਖੇ ਰੋਡ ਸੇਫਟੀ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ 'ਚ ਵੱਖ-ਵੱਖ ਟੈਕਸੀ ਯੂਨੀਅਨਾਂ ਦੇ ਨੁਮਾਇੰਦੇ, ਵੱਖ-ਵੱਖ ਸਕੂਲਾਂ ਦੇ ਟਰਾਂਸਪੋਰਟ ਇੰਚਾਰਜ, ਡਰਾਈਵਰ, ਕੰਡਕਟਰ, ਲੇਡੀ ਅਟੈਂਡੈਂਟ ਅਤੇ ਟੈਕਸੀਆਂ ਦੇ ਡਰਾਈਵਰ ਸ਼ਾਮਲ ਹੋਏ।

ਇਸ ਮੌਕੇ ਰਿਜਨਲ ਟਰਾਂਸਪੋਰਟ ਅਥਾਰਟੀ ਐਸ. ਏ. ਐਸ. ਨਗਰ ਦੇ ਸਕੱਤਰ ਸੁਖਵਿੰਦਰ ਕੁਮਾਰ, ਸਟੇਟ ਟਰਾਂਸਪੋਰਟ ਅਥਾਰਟੀ ਪੰਜਾਬ ਦੇ ਸਕੱਤਰ ਰਵਿੰਦਰ ਸਿੰਘ ਗਿੱਲ, ਮੋਟਰ ਵਹੀਕਲ ਇੰਸਪੈਕਟਰ ਐਸ.ਏ.ਐਸ. ਨਗਰ ਰਣਪ੍ਰੀਤ ਸਿੰਘ ਭਿਓਰਾ, ਟਰੈਫਿਕ ਐਜੂਕੇਸ਼ਨ ਸੈੱਲ ਐਸ. ਏ. ਐਸ. ਨਗਰ ਦੇ ਇੰਚਾਰਜ ਜਨਕ ਰਾਜ ਅਤੇ ਐਨ. ਜੀ. ਓ. ਰੋਡ ਸੇਫਟੀ ਵੱਲੋਂ ਅਮੋਲ ਕੌਰ ਅਤੇ ਗੁਰਸ਼ਰਨ ਸਿੰਘ ਨੇ ਕੈਂਪ ਵਿੱਚ ਸ਼ਾਮਲ ਟੈਕਸੀ ਯੂਨੀਅਨਾਂ ਦੇ ਨੁਮਾਇੰਦਿਆਂ, ਵੱਖ-ਵੱਖ ਸਕੂਲਾਂ ਦੇ ਟਰਾਂਸਪੋਰਟ ਇੰਚਾਰਜਾਂ, ਡਰਾਈਵਰਾਂ, ਕੰਡਕਟਰਾਂ ਅਤੇ ਲੇਡੀ ਅਟੈਂਡੈਂਟਾਂ ਨੂੰ ਸੰਬੋਧਨ ਕਰਦਿਆਂ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਲਾਇਸੰਸ, ਰਜਿਸਟਰੇਸ਼ਨ ਪ੍ਰਣਾਲੀ ਵਿੱਚ ਹੋ ਰਹੀਆਂ ਸੋਧਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਹਰਿਆਵਲ ਨੂੰ ਪ੍ਰਫੁੱਲਤ ਕਰਨ ਲਈ ਜਿਥੇ ਇਸ ਮੌਕੇ ਬੂਟੇ ਵੰਡੇ ਗਏ ਉਥੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 100 ਤੋਂ 125 ਗੱਡੀਆਂ ਦਾ ਮੁਫਤ ਪ੍ਰਦੂਸ਼ਣ ਚੈੱਕਅੱਪ ਵੀ ਕੀਤਾ ਗਿਆ ਅਤੇ ਰੋਡ 'ਤੇ ਚੱਲ ਰਹੀਆਂ ਗੱਡੀਆਂ 'ਤੇ ਫਰੀ ਰਿਫਲੈਕਟਰ ਵੀ ਲਗਾਏ ਗਏ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਲਗਭਗ 200 ਡਰਾਈਵਰਾਂ ਨੇ ਭਾਗ ਲਿਆ।