-ਮੁੱਖ ਮੰਤਰੀ ਨਿਵਾਸ ਵੱਲ ਜਾਂਦੇ ਟੀਚਰਾਂ ਨੂੰ ਮੋਹਾਲੀ ਪੁਲਿਸ ਨੇ ਡੱਕਿਆ

-ਅਧਿਕਾਰੀਆਂ ਨਾਲ ਬੈਠਕ ਅੱਜ, ਹੱਲ ਨਾ ਹੋਣ 'ਤੇ ਪੱਕੇ ਮੋਰਚੇ ਦਾ ਐਲਾਨ

ਸਤਵਿੰਦਰ ਧੜਾਕ, ਐੱਸਏਐੱਸ ਨਗਰ : ਕਾਂਗਰਸ ਸਰਕਾਰ ਵੇਲੇ ਲੰਬਾ ਸਮਾਂ ਧਰਨਿਆਂ 'ਤੇ ਰਹੇ ਪੰਜਾਬ ਦੇ ਕੱਚੇ ਅਧਿਆਪਕਾਂ ਨੇ ਬੁੱਧਵਾਰ ਨੂੰ ਫੇਰ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਕੂਚ ਕਰ ਦਿੱਤਾ। ਇਸ ਤੋਂ ਪਹਿਲਾਂ ਯੂਨੀਅਨ ਮੈਂਬਰਾਂ ਨੇ ਸੂਬਾ ਪੱਧਰੀ ਰੋਸ-ਮੁਜ਼ਾਹਰਾ ਕਰਨ ਵਾਸਤੇ ਕਰੀਬ 12 ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਬੈਠਕ ਕੀਤੀ ਤੇ ਢਾਈ ਵਜੇ ਦੇ ਕਰੀਬ ਧਰਨੇ ਵਾਲੀ ਥਾਂ ਤੋਂ ਚਾਲੇ ਪਾ ਦਿੱਤੇ। ਜਦੋਂ ਹੀ ਅਧਿਆਪਕ/ਅਧਿਆਪਕਾਵਾਂ ਫੇਜ਼-7 ਦੀਆਂ ਲਾਈਟਾਂ ਤੋਂ ਚੰਡੀਗੜ੍ਹ ਵੱਲ ਵਾਈਪੀਐੱਸ ਚੌਕ 'ਤੇ ਪੁੱਜੇ ਤਾਂ ਇਨ੍ਹਾਂ ਨੂੰ ਮੋਹਾਲੀ ਪੁਲਿਸ ਨੇ ਅੱਗੇ ਜਾਣ ਤੋਂ ਰੋਕ ਲਿਆ। ਇਸ ਦੌਰਾਨ ਯੂਨੀਅਨ ਮੈਂਬਰਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ ਜੋ ਕਿ ਅੱਧਾ ਘੰਟਾ ਚੱਲਦੀ ਰਹੀ, ਪਰ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਅੱਗੇ ਜਾਣ ਤੋਂ ਇਥੇ ਹੀ ਡੱਕ ਲਿਆ। ਸਿੱਟੇ ਵਜੋਂ ਟੀਚਰਾਂ ਨੇ ਇਸੇ ਥਾਂ 'ਤੇ ਬੈਠ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨਾਂ ਦੇ ਧਰਨੇ ਤੋਂ ਖ਼ੌਫ਼ਜ਼ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਧਿਆਪਕਾਂ ਦੇ ਧਰਨੇ ਤੋਂ ਬਾਅਦ ਹੋਰ ਜ਼ਿਆਦਾ ਚਿੰਤਾ ਹੋ ਗਈ। ਗੰਭੀਰਤਾ ਨੂੰ ਸਮਝਦਿਆਂ ਆਹਲਾ ਅਫ਼ਸਰਾਂ ਨੇ ਮੁੱਖ ਮੰਤਰੀ ਦਫ਼ਤਰ 'ਚ ਗੱਲ ਕਰਕੇ ਧਰਨਾਕਾਰੀਆਂ ਲਈ ਵੀਰਵਾਰ ਨੂੰ ਪੈਨਲ ਬੈਠਕ ਲਈ ਸਮਾਂ ਦਿਵਾ ਦਿੱਤਾ।

ਬੇਸ਼ੱਕ ਯੂਨੀਅਨ ਦੇ ਮੈਂਬਰ ਧਰਨਾ ਛੱਡ ਕੇ ਘਰ ਭੇਜ ਦਿੱਤੇ ਗਏ ਹਨ ਪਰ ਸੂਬਾਈ ਯੂਨੀਅਨ ਦੇ ਅਹੁਦੇਦਾਰ ਹਾਲੇ ਇੱਥੇ ਹੀ ਰਾਤ ਰਹਿਣਗੇ ਤੇ ਭਲਕੇ ਬੈਠਕ ਹੋਣ ਤੋਂ ਬਾਅਦ ਅਗਲੇ ਸੰਘਰਸ਼ ਬਾਰੇ ਰਣਨੀਤੀ ਤਿਆਰ ਕਰਨਗੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਅੌਲਖ ਨੇ ਕਿਹਾ ਕਿ, ਅਧਿਆਪਕ ਲੰਬੇ ਸਮੇਂ ਤੋਂ ਬਹੁਤ ਹੀ ਨਿਗੁਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ। ਪਿਛਲੀ ਸਰਕਾਰ ਵੇਲੇ ਛੇ ਮਹੀਨੇ ਲਗਾਤਾਰ ਧਰਨਾ ਚੱਲਦਾ ਰਿਹਾ ਸੀ ਤੇ ਸਰਕਾਰ ਦੇ ਆਖ਼ਰੀ ਪਲਾਂ 'ਚ ਵੋਟਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧਰਨੇ 'ਤੇ ਆਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦੇਕੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਆ ਗਈ ਤਾਂ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਕੱਚੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਬਾਰੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਤੇ ਨਾਂ ਹੀ ਸੇਵਾਵਾਂ ਬਾਰੇ ਕੋਈ ਹੱਲ ਕੱਿਢਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਰਕੇ ਹੀ ਰੋਸ ਧਰਨਾ ਦਿੱਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਪੰਜਾਬ 'ਚ 13 ਹਜ਼ਾਰ ਤੋਂ ਵੱਧ ਕੱਚੇ ਅਧਿਆਪਕ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ ਸਿੱਖਿਆ ਪੋ੍ਵਾਈਡਰ, ਈਜੀਐੱਸ,ਏਆਈਈ ਵਲੰਟਰੀਜ਼, ਐੱਸਟੀਆਰ, ਆਈਈਵੀ ਸਕੀਮਾਂ ਅਧੀਨ ਕੰਮ ਕਰਦੇ ਅਧਿਆਪਕ ਸ਼ਾਮਲ ਹਨ। ਇਨ੍ਹਾਂ ਵਿਚੋਂ ਕਈ ਟੀਚਰ ਅਜਿਹੇ ਹਨ ਜਿਨ੍ਹਾਂ ਨੂੰ 6 ਹਜ਼ਾਰ ਰੁਪਏ ਹੀ ਤਨਖ਼ਾਹ ਮਿਲਦੀ ਹੈ।