-ਕੌਂਸਲ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤੇ ਨਿਰਦੇਸ਼

ਇਕਬਾਲ ਸਿੰਘ, ਡੇਰਾਬੱਸੀ : ਡੇਰਾਬੱਸੀ ਬੱਸ ਸਟੈਂਡ, ਰਾਮਲੀਲ੍ਹਾ ਗਰਾਊਂਡ ਅਤੇ ਮੇਨ ਬਾਜ਼ਾਰ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕੀਤੇ ਆਰਜ਼ੀ ਨਾਜਾਇਜ਼ ਕਬਜ਼ਿਆਂ ਅਤੇ ਬਾਜ਼ਾਰ ਨੂੰ ਜਾਂਦੇ ਰਸਤੇ ਉੱਤੇ ਨਾਜਾਇਜ਼ ਤੌਰ 'ਤੇ ਲਗਾਈਆਂ ਫੜ੍ਹੀਆਂ ਵਿਰੁੱਧ ਆ ਰਹੀਆਂ ਸ਼ਿਕਾਇਤਾਂ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਖੁਦ ਐਕਸ਼ਨ ਲਿਆ। ਹਲਕਾ ਵਿਧਾਇਕ ਨੇ ਵੀਰਵਾਰ ਦੁਪਹਿਰ ਮਾਰਕੀਟ ਦਾ ਦੌਰਾ ਕਰਕੇ ਦੁਕਾਨਾਂ ਦੇ ਬਾਹਰ ਕੀਤੇ ਆਰਜ਼ੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਅਤੇ ਬਾਜ਼ਾਰ ਨੂੰ ਜਾਂਦੇ ਰਸਤੇ ਉੱਤੇ ਲੱਗੀਆਂ ਨਾਜਾਇਜ਼ ਫੜ੍ਹੀਆਂ ਨੂੰ ਕਿਸੇ ਹੋਰ ਥਾਂ ਸਿਫ਼ਟ ਕਰਨ ਲਈ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮਾਰਕੀਟ ਫੇਰੀ ਦੌਰਾਨ ਵਿਧਾਇਕ ਕੁਲਜੀਤ ਰੰਧਾਵਾ ਨੇ ਜੰਕ ਫ਼ੂਡ ਵੇਚ ਰਹੇ ਫੜ੍ਹੀ ਵਾਲਿਆਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਅਤੇ ਘਟੀਆ ਦਰਜੇ ਦਾ ਮਟੀਰੀਅਲ ਇਸਤੇਮਾਲ ਕਰ ਰਹੇ ਦੁਕਾਨਦਾਰਾਂ ਦੇ ਸੈਂਪਲ ਭਰ ਕੇ ਜਾਂਚ ਕਰਨ ਲਈ ਸਿਹਤ ਵਿਭਾਗ ਨੂੰ ਹੁਕਮ ਦਿੱਤੇ। ਉਨ੍ਹਾਂ ਫਾਸਟ ਫੂਡ ਵੇਚ ਰਹੇ ਦੁਕਾਨਦਾਰਾਂ ਨੂੰ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਬਾਜ਼ਾਰ ਨੂੰ ਜਾਂਦੇ ਰਸਤਿਆਂ 'ਚ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ, ਉਥੇ ਬਾਜ਼ਾਰ ਤਕ ਗਾਹਕ ਨਾ ਪਹੁੰਚਣ ਕਾਰਨ ਧੰਦਾ ਚੌਪਟ ਹੋਣ ਕਿਨਾਰੇ ਪਹੁੰਚ ਗਿਆ ਹੈ। ਬਾਜ਼ਾਰ ਅਤੇ ਰਾਮਲੀਲ੍ਹਾ ਗਰਾਊਂਡ 'ਚ ਦੁਕਾਨਾਂ ਦੇ ਬਾਹਰ ਸਜਾਵਟ ਦੇ ਤੌਰ 'ਤੇ ਰੱਖੇ ਸਮਾਨ ਕਾਰਨ ਟ੍ਰੈਫਿਕ ਸਮੱਸਿਆ ਵਧਦੀ ਜਾ ਰਹੀ ਹੈ ਅਤੇ ਗਾਹਕਾਂ ਨੂੰ ਪਾਰਕਿੰਗ ਨਾ ਮਿਲਣ ਕਾਰਨ ਉਹ ਖਰੀਦਦਾਰੀ ਲਈ ਦੂਜੇ ਸ਼ਹਿਰਾਂ ਜਾਂ ਮਾਰਕੀਟਾਂ ਦਾ ਰੁਖ ਕਰ ਰਹੇ ਹਨ।

ਵਿਧਾਇਕ ਰੰਧਾਵਾ ਨੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਰਜ ਸਾਧਕ ਅਫ਼ਸਰ ਅਸ਼ੋਕ, ਨਗਰ ਕੌਂਸਲ ਪ੍ਰਧਾਨ ਉਪਨੇਜਾ, ਟਰੈਫਿਕ ਪੁਲਿਸ ਮੁਲਾਜ਼ਮ ਅਉ ਨਗਰ ਕੌਂਸਲ ਦੀ ਪੂਰੀ ਟੀਮ ਮੌਜੂਦ ਸੀ।