ਡਾ. ਸੁਮਿਤ ਸਿੰਘ ਸ਼ਿਓਰਾਨ, ਚੰਡੀਗੜ੍ਹ

ਗੱਲ ਕਰੀਬ 2002 ਸੰਨ ਦੀ ਹੈ। ਪੰਜਾਬ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਕਾਫ਼ੀ ਦਿਨਾਂ ਤੋਂ ਫਿਟਨੈੱਸ ਦੀ ਤਿਆਰੀ ਵਿਚ ਰੁੱਝਾ ਨੌਜਵਾਨ ਮੇਰੇ ਕੋਲ ਆ ਗਿਆ। ਉਸ ਨੇ ਕਿਹਾ, ਸਰ ਮੈਂ ਫਿਟਨੈੱਸ ਦੀ ਟਰੇਨਿੰਗ ਲੈਣੀ ਚਾਹੁੰਦਾ ਹਾਂ। ਉਹ ਨੌਜਵਾਨ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਤਾਂ ਨਹੀਂ ਸੀ ਪਰ ਮੈਂ ਖੇਡ ਤੇ ਫਿਟਨੈੱਸ ਨੂੰ ਲੈ ਕੇ ਉਸ ਦੇ ਜਨੂੰਨ ਨੂੰ ਭਾਂਪ ਲਿਆ ਤੇ ਉਸ ਨੂੰ ਆਪਣੀ ਟੀਮ ਵਿਚ ਸ਼ਾਮਲ ਕਰ ਲਿਆ। ਬਾਅਦ ਵਿਚ ਇਹ ਨੌਜਵਾਨ ਦੇਸ਼ ਦੀ ਹਾਕੀ ਟੀਮ ਦਾ ਬਿਹਤਰੀਨ ਖਿਡਾਰੀ ਬਣਿਆ। ਇਹ ਪ੍ਰਗਟਾਵਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸ਼ਹਿਰ ਦੇ ਹਾਕੀ ਸਟਾਰ ਰਾਜਪਾਲ ਸਿੰਘ ਦੇ ਫਿਜੀਕਲ ਟ੍ਰੇਨਰ ਰਹੇ ਡਾ. ਗੁਰਮੀਤ ਸਿੰਘ ਦਾ ਹੈ। ਡਾ. ਗੁਰਮੀਤ ਸਿੰਘ ਪੰਜਾਬ ਯੂਨੀਵਰਰਿਟੀ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਵਿਚ ਮੁਖੀ ਹਨ। ਰਾਜਪਾਲ ਸਿੰਘ ਅਰਜਨ ਐਵਾਰਡ ਜੇਤੂ ਹਨ ਤੇ ਇਸ ਵੇਲੇ ਪੰਜਾਬ ਪੁਲਿਸ ਵਿਚ ਐੱਸਪੀ ਵਜੋਂ ਕੰਮ ਕਰ ਰਹੇ ਹਨ। ਹਾਕੀ ਖਿਡਾਰੀ ਰਾਜਪਾਲ ਸਿੰਘ ਦੀ ਕਾਮਯਾਬੀ ਵਿਚ ਉਨ੍ਹਾਂ ਦੇ ਫਿਜੀਕਲ ਕੋਚ ਡਾ. ਗੁਰਮੀਤ ਸਿੰਘ ਦਾ ਖ਼ਾਸਾ ਯੋਗਦਾਨ ਹੈ। ਗੁਰੂ ਪੁੰਨਿਆ ਮੌਕੇ ਜਾਗਰਣ ਗਰੁੱਪ ਨੇ ਡਾ. ਗੁਰਮੀਤ ਸਿੰਘ ਨਾਲ ਖ਼ਾਸ ਗੱਲਬਾਤ ਕਰ ਕੇ ਉਨ੍ਹਾਂ ਦੋਵਾਂ ਵਿਚਾਲੇ ਤਾਲਮੇਲ ਸਬੰਧੀ ਚਰਚਾ ਕੀਤੀ।

ਰਾਜਪਾਲ ਸਿੰਘ ਦੇ ਕੋਚ ਡਾ. ਗੁਰਮੀਤ ਸਿੰਘ ਮੁਤਾਬਕ ਅਜਿਹੇ ਖਿਡਾਰੀ ਬਹੁਤ ਘੱਟ ਹੁੰਦੇ ਹਨ, ਕਈ ਸਾਲ ਬੀਤ ਗਏ ਪਰ ਸਟਾਰ ਹਾਕੀ ਖਿਡਾਰੀ ਹੋਣ ਦੇ ਬਾਵਜੂਦ ਰਾਜਪਾਲ ਵਿਚ ਕੋਈ ਹਉਮੈ ਨਹੀਂ ਹੈ। ਜ਼ਮੀਨ ਨਾਲ ਜੁੜਿਆ ਇਹ ਖਿਡਾਰੀ ਸੱਚਮੁੱਚ ਲਾਜਵਾਬ ਹੈ। ਅੱਜ ਵੀ ਕਈ ਵਾਰ ਟ੍ਰੇਨਿੰਗ ਲਈ ਮੇਰੇ ਕੋਲ ਪੀਯੂ ਗਰਾਉਂਡ ਵਿਚ ਆਉਂਦਾ ਹੈ। ਅਨੁਸ਼ਾਸਨ ਤੇ ਖੇਡ ਪ੍ਰਤੀ ਰਾਜਪਾਲ ਦੇ ਸਮਰਪਣ ਨੇ ਉਸ ਨੂੰ ਇਸ ਮੁਕਾਮ ਤਾਈਂ ਪੁਚਾਇਆ ਹੈ। ਡਾ. ਗੁਰਮੀਤ ਨੇ ਦੱਸਿਆ ਕਿ ਰਾਜਪਾਲ ਨੇ ਖੇਡਾਂ ਦੇ ਨਾਲ ਨਾਲ ਸਰੀਰਕ ਫਿਟਨੈੱਸ 'ਤੇ ਜਬਰਦਸਤ ਮਿਹਨਤ ਕੀਤੀ ਹੈ। ਘੰਟਿਆਂ ਤਕ ਪੰਜਾਬ ਯੁਨੀਵਰਸਿਟੀ ਗਰਾਉਂਡ ਵਿਚ ਆਪਣੀ ਸਪੀਡ ਬਿਹਤਰ ਕਰਨ ਲਈ ਪਸੀਨਾ ਵਹਾਇਆ ਹੈ। ਖੇਡਾਂ ਦੇ ਨਾਲ ਹੀ ਪੜ੍ਹਾਈ ਵਿਚ ਵੀ ਰਾਜਪਾਲ ਕਾਫ਼ੀ ਚੰਗਾ ਰਿਹਾ ਤੇ ਮੈਰਿਟ ਦੇ ਨਾਲ ਡਿਗਰੀ ਹਾਸਿਲ ਕੀਤੀ। ਬੈਚਲਰ ਆਫ ਫਿਜੀਕਲ ਐਜੂਕੇਸ਼ਨ (ਬੀਪੀਐੱਡ) ਦੀ ਡਿਗਰੀ ਵੀ ਪੀਯੂ ਦੇ ਖੇਡ ਵਿਭਾਗ ਤੋਂ ਹਾਸਿਲ ਕੀਤੀ ਹੈ। ਮੈਦਾਨ ਤੇ ਕਲਾਸ ਦੋਵਾਂ ਵਿਚ ਰਾਜਪਾਲ ਨੇ ਹਮੇਸ਼ਾ ਤਵਾਜਨ ਬਣਾ ਕੇ ਰੱਖਿਆ ਹੈ, ਕਿਸੇ ਵੀ ਕੌਮਾਂਤਰੀ ਪੱਧਰ ਦੇ ਖਿਡਾਰੀ ਲਈ ਹਮੇਸ਼ਾ ਇਹ ਸਭ ਕਰਨਾ ਆਸਾਨ ਨਹੀਂ ਹੁੰਦਾ।

ਡਾ. ਗੁਰਮੀਤ ਸਿੰਘ ਦੱਸਦੇ ਹਨ ਕਿ ਸਧਾਰਨ ਪਰਿਵਾਰ ਦੇ ਬੱਚੇ ਦਾ ਦੇਸ਼ ਦੀ ਹਾਕੀ ਟੀਮ ਦਾ ਕਪਤਾਨ ਬਣਨਾ ਸੁਖਾਲਾ ਨਹੀਂ ਹੁੰਦਾ। ਡਾ. ਗੁਰਮੀਤ ਮੁਤਾਬਕ ਰਾਜਪਾਲ ਕਦੇ ਵੀ ਟਰੇਨਿੰਗ ਦੌਰਾਨ ਦੇਰ ਨਾਲ ਨਹੀਂ ਆਉਂਦਾ ਸੀ। ਉਹ ਹਰ ਰੋਜ਼ ਕਈ ਕਿੱਲੋਮੀਟਰ ਦਾ ਸਫ਼ਰ ਸਾਈਕਲ 'ਤੇ ਤੈਅ ਕਰਦਾ ਸੀ।