ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਯੁੰਕਤ ਮੋਰਚਾ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੇ ਪੱਧਰ ਦੇ ਆਗੂਆਂ ’ਤੇ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਕਿਸਾਨੀ ਮਸਲਿਆਂ ’ਤੇ ਉੱਕਾ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਜਾਣਦੇ ਹਨ ਕਿ ਕਿਸਾਨ ਜਥੇਬੰਦੀਆਂ ਦੀਆਂ ਗਿਆਰਾਂ ਮੀਟਿੰਗਾਂ ਸਰਕਾਰ ਨਾਲ ਹੋਈਆਂ ਹਨ।

ਇਨ੍ਹਾਂ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਅਣਗਿਣਤ ਮੱਦਾਂ ਉਠਾ ਕੇ ਕਾਨੂੰਨ ਨੂੰ ਕਾਰਪੋਰੇਟ ਪੱਖੀ ਸਾਬਤ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਹੋਈਆਂ ਗਿਆਰਾਂ ਮੀਟਿੰਗਾਂ ਦੀ ਵੀਡੀਓ ਰਿਕਾਰਡਿੰਗ ਜਾਰੀ ਕਰੇ ਤਾਂ ਜੋ ਦੇਸ਼ ਨੂੰ ਪਤਾ ਲੱਗ ਸਕੇ ਕਿ ਕੌਣ ਝੂਠ ਅਤੇ ਕੌਣ ਸੱਚ ਬੋਲਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਭਾਜਪਾ ਸਰਕਾਰ ਰਾਜ ਹੱਠ ਤੋਂ ਬਾਹਰ ਆ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਜਾਣਦਾ ਹੈ ਕਿ ਮੋਦੀ ਸਰਕਾਰ ਨੇ ਰਾਜ ਸਭਾ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਇਹ ਕਾਨੂੰਨ ਧੱਕੇ ਨਾਲ ਵਾਇਸ ਵੋਟ ਰਾਹੀਂ ਕਾਨੂੰਨਾਂ ਦੀ ਧੱਜੀਆਂ ਉਡਾ ਕੇ ਬਣਾਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦਾ ਪੈਦਾਵਾਰੀ ਖਰਚਾ ਕੱਢ ਕੇ 2880 ਰੁਪਏ ਭਾਅ ਮਿੱਥਣ ਦੀ ਸਿਫਾਰਿਸ਼ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਸੁਪਰਫਾਈਨ ਝੋਨੇ ਦਾ ਭਾਅ 1960 ਰੁਪਏ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵਿਚ ਹੀ ਡੀਜ਼ਲ 5 ਰੁਪਏ 76 ਪੈਸੇ ਪ੍ਰਤੀ ਲੀਟਰ ਵਧਿਆ ਹੈ। ਕੇਵਲ ਡੀਏਪੀ ਦੀ ਕੀਮਤ ਵਿਚ ਵਾਧਾ ਵਾਪਸ ਲਿਆ ਹੈ।

ਬਾਕੀ ਦੀਆਂ ਖਾਦਾਂ ਜਿਵੇਂ ਪੋਟਾਸ਼, ਸੁਪਰ ਫਾਸਫ਼ੇਟ, ਐਨਪੀਕੇ ਦੀ ਕੀਮਤ ਵਿਚ 43 ਤੋਂ 50 ਪ੍ਰਤੀਸ਼ਤ ਵਾਧਾ ਹਾਲਾਂ ਬਰਕਰਾਰ ਹੈ। ਜਿਸ ਕਰਕੇ ਝੋਨੇ ’ਤੇ ਵਧਾਇਆ ਨਿਗੂਣਾ ਵਾਧਾ ਕਿਸਾਨਾਂ ਵਲੋਂ ਰੱਦ ਕੀਤਾ ਜਾਂਦਾ ਹੈ। ਰਾਜੇਵਾਲ ਨੇ ਸਪੱਸ਼ਟ ਕਿਹਾ ਕਿ ਸਰਕਾਰ ਨੇ ਜੋ ਕਰਨਾ ਕਰ ਲਵੇ, ਕਿਸਾਨ ਮੋਰਚਾ ਜਾਰੀ ਰਹੇਗਾ ਅਤੇ ਕੋਵਿਡ ਖਤਮ ਹੁੰਦੇ ਸਾਰ ਕਿਸਾਨ ਯੂਪੀ ਅਤੇ ਉਤਰਾਖੰਡ ਵਿਚੋਂ 85 ਲੋਕ ਸਭਾ ਹਲਕਿਆਂ ਵਿਚ ਭਾਜਪਾ ਵਿਰੋਧੀ ਮੁਹਿੰਮ ਸ਼ੁਰੂ ਕਰ ਦੇਣਗੇ।

Posted By: Jagjit Singh