ਜੇ ਐੱਸ ਕਲੇਰ, ਜ਼ੀਰਕਪੁਰ : ਐਤਵਾਰ ਸਵੇਰੇ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ, ਉਥੇ ਹੀ ਇਹ ਮੀਂਹ ਕੁਝ ਥਾਵਾਂ 'ਤੇ ਆਪਣੇ ਨਾਲ ਭਾਰੀ ਮੁਸੀਬਤ ਵੀ ਲੈ ਕੇ ਆਇਆ। ਨਿਕਾਸੀ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਇਹ ਪਾਣੀ ਨੀਵੀਂਆਂ ਥਾਵਾਂ 'ਤੇ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦੋ ਦਿਨ ਤੋਂ ਚੱਲ ਰਹੀਆਂ ਹਨੇਰੀਆਂ 'ਚ ਉੱਡਦੀ ਧੂੜ ਅਤੇ ਪੈ ਰਹੀ ਸੂਰਜ ਦੀ ਕੜਾਕੇਦਾਰ ਧੁੱਪ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ।

ਝੋਨੇ ਦੀ ਲਵਾਈ ਸ਼ੁਰੂ ਹੋ ਜਾਣ ਕਰ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਕੰਮ ਨੇਪਰੇ ਚਾੜ੍ਹਨ 'ਚ ਭਾਰੀ ਦਿੱਕਤਾਂ ਆ ਰਹੀਆਂ ਸਨ। ਅੱਜ ਸਵੇਰ ਹੁੰਦੇ ਹੀ ਸ਼ੁਰੂ ਹੋਏ ਮੀਂਹ ਨੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ। ਜ਼ੀਰਕਪੁਰ ਖ਼ੇਤਰ 'ਚ ਅੱਜ ਦੂਜੇ ਦਿਨ ਵੀ ਸਵੇਰ ਮੌਕੇ ਭਰਵੀਂ ਬਾਰਿਸ਼ ਹੋਈ। ਬਾਰਿਸ਼ ਦੇ ਨਾਲ- ਨਾਲ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਕਾਰਨ ਬਿਜਲੀ ਸੇਵਾਵਾਂ ਠੱਪ ਹੋ ਗਈਆਂ ਸਨ। ਝੋਨੇ ਦੀ ਲਵਾਈ ਹੋਣ ਕਾਰਨ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ, ਕਿਉਂਕਿ ਖੇਤੀ ਸੈਕਟਰ ਨੂੰ ਬਿਜਲੀ ਨਾਮਾਤਰ ਹੀ ਮਿਲ ਰਹੀ ਸੀ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਝੋਨੇ ਦੀ ਬਿਜਾਈ ਲਈ ਬਹੁਤ ਢੁੱਕਵਾਂ ਹੈ।

ਦੂਜੇ ਪਾਸੇ ਮੀਂਹ ਨੇ ਸ਼ਹਿਰ 'ਚ ਕਥਿਤ ਤੌਰ 'ਤੇ ਕੀਤੇ ਗਏ ਕਰੋੜਾਂ ਦੇ ਵਿਕਾਸ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਿਆਸੀ ਆਗੂਆਂ ਵੱਲੋਂ ਵੋਟਾਂ ਇਕੱਠੀਆਂ ਕਰਨ ਤੇ ਲੋਕਾਂ ਨੂੰ ਭਰਮਾਉਣ ਲਈ ਬਰਸਾਤੀ ਪਾਣੀ ਦੀ ਨਿਕਾਸੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਇਕੋ ਮੀਂਹ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਮਾੜੇ ਪ੍ਰਬੰਧਾਂ ਨੂੰ ਉਜਾਗਰ ਕਰ ਦਿੱਤਾ ਹੈ। ਹਰ ਸਾਲ ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਵਿਚੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਬਰਸਾਤ ਦਾ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਨ ਕਈ-ਕਈ ਦਿਨ ਉਨ੍ਹਾਂ ਦੇ ਘਰਾਂ ਅੱਗੇ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਉਹ ਆਪਣੇ ਘਰਾਂ 'ਚ ਕੈਦ ਹੋ ਕੇ ਰਹਿ ਜਾਂਦੇ ਹਨ। ਪਾਣੀ ਗਲੀਆਂ 'ਚ ਇਕੱਠਾ ਹੋਣ ਨਾਲ ਘਰਾਂ ਦੀਆਂ ਕੰਧਾਂ ਦਾ ਹਰ ਵੇਲੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਸਥਾਨਕ ਵਸਨੀਕਾਂ ਨੇ ਨਗਰ ਕੌਂਸਲ ਜ਼ੀਰਕਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਬਰਸਾਤਾਂ ਦੇ ਦਿਨਾਂ 'ਚ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।