ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ ਚੱਲ ਰਹੇ ਰੇਤ ਮਾਫ਼ੀਆ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਮੀਡੀਆ ਸਾਹਮਣੇ ਪਰਦਾਫਾਸ਼ ਕੀਤਾ। ਸ਼ਨੀਵਾਰ ਨੂੰ ਚੱਢਾ ਚਮਕੌਰ ਸਾਹਿਬ ਵਿਧਾਨ ਸਭਾ ਦੇ ਜਿੰਦਾਪੁਰ ਪਿੰਡ ਪਹੁੰਚੇ ਅਤੇ ਬਹੁਤ ਦਿਨਾਂ ਤੋਂ ਬੇਰੋਕ-ਟੋਕ ਚੱਲ ਰਹੇ ਰੇਤ ਮਾਫ਼ੀਆ ਦੀ ਖੱਡ 'ਤੇ ਛਾਪਾ ਮਾਰਿਆ।

ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ, ''ਰੇਤ ਮਾਫ਼ੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ।'' ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫ਼ੀਆ ਨਾਲ ਹੱਥ ਮਿਲਾ ਲਏ। ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫ਼ੀਆ ਖ਼ੁਦ ਉਨ੍ਹਾਂ ਦੇ ਖੇਤਰ ਵਿੱਚ ਕਾਰੋਬਾਰ ਚਲਾ ਰਿਹਾ ਹੈ।

ਚੱਢਾ ਨੇ ਮੁੱਖ ਮੰਤਰੀ ਚੰਨੀ 'ਤੇ ਗ਼ਲਤ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਬਦਲੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ 22 ਨਵੰਬਰ 2021 ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਵੰਸ਼ ਸਿੰਘ ਨੇ ਇੱਥੋਂ ਦੇ ਐਸ.ਐਚ.ਓ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ ਕਿ ਜਿੰਦਾਪੁਰ ਪਿੰਡ ਦਾ ਇਹ ਖੇਤਰ 'ਜੰਗਲ ਸੁਰੱਖਿਆ ਕਾਨੂੰਨ' ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸੰਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ।

ਚਿੱਠੀ ਲਿਖਣ ਦੇ ਅਗਲੇ ਹੀ ਦਿਨ 23 ਨਵੰਬਰ ਨੂੰ ਚੰਨੀ ਸਰਕਾਰ ਨੇ ਉਲਟਾ ਉਸ ਇਮਾਨਦਾਰ ਜੰਗਲਾਤ ਅਧਿਕਾਰੀ ਦੀ ਬਦਲੀ ਕਰ ਦਿੱਤੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੇਤ ਮਾਫ਼ੀਆ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਚੰਨੀ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਥੋਂ ਰੋਜ਼ ਲਗਭਗ 800 ਤੋਂ 1000 ਟਰੱਕ ਰੇਤ ਦੇ ਗੈਰ ਕਾਨੂੰਨੀ ਢੰਗ ਨਾਲ ਕੱਢੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੰਗਲਾਤ ਅਧਿਕਾਰੀ ਨੇ ਆਪਣੀ ਚਿੱਠੀ 'ਚ ਕਿਹਾ ਸੀ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਅਤੇ ਇੱਥੋਂ ਰੇਤ ਨਹੀਂ ਕੱਢਿਆ ਜਾ ਸਕਦਾ, ਪਰ ਮਾਫ਼ੀਆ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਰੇਤ ਕੱਢਿਆ ਜਾ ਰਿਹਾ ਹੈ ਅਤੇ ਜੰਗਲਾਤ ਵਿਭਾਗ ਵੱਲੋਂ ਲਾਏ ਦਰਖ਼ਤਾਂ ਨੂੰ ਬਰਬਾਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪ੍ਰਸ਼ਾਸਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਹੈ।

ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਚੰਨੀ ਦੱਸਣ ਕਿ ਕਿੰਨੇ ਸਮੇਂ ਤੋਂ ਇੱਥੇ ਗ਼ੈਰਕਾਨੂੰਨੀ ਢੰਗ ਨਾਲ ਰੇਤਾ ਕੱਢਿਆ ਜਾ ਰਿਹਾ? ਇਸ ਦਾ ਕਿੰਨਾ ਹਿੱਸਾ ਉਨ੍ਹਾਂ ਕੋਲ ਜਾਂਦਾ ਹੈ? ਅਜਿਹੇ ਕਿੰਨੇ ਮਾਫ਼ੀਆ ਸਥਾਨ ਚਮਕੌਰ ਸਾਹਿਬ ਤੇ ਪੂਰੇ ਪੰਜਾਬ 'ਚ ਹਨ? ਮਾਫ਼ੀਆ ਨਾਲ ਉਨ੍ਹਾਂ ਦੀ ਕੀ ਸੌਦੇਬਾਜ਼ੀ ਹੈ?

ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਮੁੱਖ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, ''ਤੂੰ ਇੱਧਰ ਉੱਧਰ ਦੀ ਨਾ ਬਾਤ ਕਰ, ਯੇ ਬਤਾ ਕੇ ਕਾਫ਼ਲਾ ਕਿਉਂ ਲੂਟਾ? ਹਮੇਂ ਰਹਿਜਨੋਂ ਸੇ ਗਿਲ਼ਾ ਨਹੀਂ, ਯੇ ਤੇਰੀ ਰਹਿਬਰੀ ਦਾ ਸਵਾਲ ਹੈ।'' ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ਬੋਲਦੇ ਹਨ ਕਿ ਪੂਰੇ ਪੰਜਾਬ 'ਚ 5 ਰੁਪਏ ਪ੍ਰਤੀ ਫੁੱਟ ਰੇਤਾ ਮਿਲਦਾ ਹੈ। ਜਦੋਂ ਕਿ ਸਚਾਈ ਇਹ ਹੈ ਕਿ ਰੇਤ ਮਾਫ਼ੀਆ ਕਾਰਨ ਲੋਕਾਂ ਨੂੰ 25 ਤੋਂ 40 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਖ਼ਰੀਦਣਾ ਪੈ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਰੇਤ ਮਾਫ਼ੀਆ ਨੂੰ ਦੇਖ ਕੇ ਲੱਗਦਾ ਹੈ ਕਿ ਦੁੱਧ ਦੀ ਰਾਖੀ ਬਿੱਲੀ ਕਰ ਰਹੀ ਹੈ।

ਚੱਢਾ ਨੇ ਕਿਹਾ ਕਿ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣ ਅਤੇ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਦੇਣਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦਾ ਵਿਕਾਸ ਮਾਡਲ ਹੈ। ਜਦੋਂ ਕਿ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਕਾਂਗਰਸ ਸਰਕਾਰ ਦਾ ਵਿਕਾਸ ਮਾਡਲ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਰੇਤ ਮਾਫ਼ੀਆ ਦਾ ਕਾਰੋਬਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਮਾਫ਼ੀਆ ਨੂੰ ਖ਼ਤਮ ਕਰ ਕੇ ਉਸੇ ਪੈਸੇ ਨਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਵੇਗੀ ਅਤੇ ਲੋਕਾਂ ਨੂੰ ਮੁਫ਼ਤ 'ਚ ਵਿਸ਼ਵ ਪੱਧਰੀ ਸਿੱਖਿਆ ਅਤੇ ਇਲਾਜ ਸੇਵਾ ਪ੍ਰਦਾਨ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜੂਦ ਸਨ।

Posted By: Jagjit Singh