ਕਮਲ ਜੋਸ਼ੀ, ਚੰਡੀਗੜ੍ਹ : ਦੇਸ਼-ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਕੁਆਰੰਟਾਈਨ ਮਿਆਦ 'ਚ ਛੋਟ ਦਿੰਦੇ ਹੋਏ ਪੰਜਾਬ ਸਰਕਾਰ ਨੇ ਇੰਸਟੀਚਿਊਸ਼ਨਲ ਕੁਆਰੰਟਾਈਨ ਲਗਪਗ ਅੱਧੀ ਕਰ ਦਿੱਤੀ ਹੈ।

ਪੰਜਾਬ 'ਚ ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਨੂੰ ਹੁਣ ਸਿਰਫ਼ ਸੱਤ ਦਿਨ ਹੀ ਇੰਸਟੀਚਿਊਸ਼ਨਲ ਕੁਆਰੰਟਾਈਨ 'ਚ ਬਿਤਾਉਣੇ ਪੈਣਗੇ। ਦੇਸ਼-ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਦੀ ਕੁਆਰੰਟਾਈਨ ਮਿਆਦ 'ਚ ਛੋਟ ਦਿੰਦੇ ਹੋਏ ਪੰਜਾਬ ਸਰਕਾਰ ਨੇ ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਨੂੰ ਘਰੋਂ ਬਾਹਰ ਕੁਆਰੰਟਾਈਨ ਮਿਆਦ ਨੂੰ ਅੱਧਾ ਤੇ ਘਰੇਲੂ ਯਾਤਰੀਆਂ ਲਈ ਇਸਨੂੰ ਖ਼ਤਮ ਕਰ ਦਿੱਤਾ ਹੈ।

ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਪੰਜਾਬ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੇ ਗਏ ਸੋਧੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਵਿਦੇਸ਼ ਜਾਂ ਦੂਜੇ ਸੂਬਿਆਂ ਤੋਂ ਪਰਤਣ ਵਾਲੇ ਲੋਕਾਂ ਦੀ ਹੈਲਥ ਪ੍ਰੋਟੋਕਾਲ ਦੇ ਮੁਤਾਬਕ ਸਕਰੀਨਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਆਪਣੀ ਨਿੱਜੀ ਤੇ ਸਿਹਤ ਸਬੰਧੀ ਜਾਣਕਾਰੀ ਸੂਬਾ ਸਰਕਾਰ ਨੂੰ ਦੇਣੀ ਪਵੇਗੀ।

ਸਕਰੀਨਿੰਗ 'ਚ ਯਾਤਰੀਆਂ 'ਚ ਕੋਰੋਨਾ ਦੇ ਲੱਛਣ ਨਾ ਪਾਏ ਜਾਣ 'ਤੇ (ਅਸਿੰਪਟੋਮੈਟਿਕ) ਉਨ੍ਹਾਂ ਨੂੰ ਹੁਣ ਸਿਰਫ਼ 7 ਦਿਨ ਲਈ ਸਰਕਾਰੀ ਜਾਂ ਕਿਸੇ ਹੋਟਲ 'ਚ ਕੁਆਰੰਟਾਈਨ ਰਹਿਣਾ ਪਵੇਗਾ। ਕੁਆਰੰਟਾਈਨ ਦੀ ਇਸ ਮਿਆਦ ਦੌਰਾਨ ਪੰਜਵੇਂ ਦਿਨ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ ਤੇ ਜੇਕਰ ਇਹ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ 7ਵੇਂ ਦਿਨ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ। ਅਜਿਹੇ ਯਾਤਰੀਆਂ ਨੂੰ ਅਗਲੇ 7 ਦਿਨ ਆਪਣੇ ਘਰ 'ਚ ਹੀ ਕੁਆਰੰਟਾਈਨ ਰਹਿਣ ਲਈ ਕਿਹਾ ਜਾਵੇਗਾ।

ਇਨ੍ਹਾਂ ਆਦੇਸ਼ਾਂ ਦੇ ਮੁਤਾਬਕ, ਗਰਭਵਤੀ ਔਰਤ, ਯਾਤਰੀ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਜਾਂ ਮਾਨਸਿਕ ਬਿਮਾਰੀ ਵਰਗੇ ਹਾਲਾਤ 'ਚ ਡਿਪਟੀ ਕਮਿਸ਼ਨਰ ਉਨ੍ਹਾਂ ਨੂੰ ਸੱਤ ਦਿਨ ਹੋਟਲ ਜਾਂ ਸਰਕਾਰੀ ਕੁਆਰੰਟਾਈਨ 'ਚ ਰਹਿਣ ਦੀ ਸ਼ਰਤ ਤੋਂ ਛੋਟ ਦੇ ਸਕਣਗੇ। ਅਜਿਹੇ ਹਾਲਾਤ 'ਚ ਯਾਤਰੀ ਨੂੰ ਆਪਣੇ ਘਰ 'ਚ 14 ਦਿਨ ਕੁਆਰੰਟਾਈਨ ਰਹਿਣਾ ਪਵੇਗਾ।

ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ 'ਚ ਸਕਰੀਨਿੰਗ 'ਚ ਕੋਰੋਨਾ ਦੇ ਲੱਛਣ ਨਾ ਹੋਣ 'ਤੇ ਉਨ੍ਹਾਂ ਤੋਂ ਅੰਡਰਟੇਕਿੰਗ ਲੈ ਕੇ ਉਨ੍ਹਾਂ ਨੂੰ ਘਰ ਜਾਣ ਦਿੱਤਾ ਜਾਵੇਗਾ। ਇਸ ਅੰਡਰਟੇਕਿੰਗ ਦੇ ਮੁਤਾਬਕ ਉਨ੍ਹਾਂ ਨੂੰ 14 ਦਿਨ ਆਪਣੇ ਘਰ 'ਚ ਕੁਆਰੰਟਾਈਨ ਅਤੇ ਆਪਣੀ ਸਿਹਤ 'ਤੇ ਧਿਆਨ ਦੇਣਾ ਪਵੇਗਾ।

ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ

ਪੰਜਾਬ ਪਹੁੰਚਣ 'ਤੇ ਕੋਰੋਨਾ ਦੇ ਲੱਛਣ ਪਾਏ ਜਾਣ 'ਤੇ ਅਜਿਹੇ ਯਾਤਰੀਆਂ ਦਾ ਸਿੱਧੇ ਸਰਕਾਰੀ ਨਿਗਰਾਨੀ 'ਚ ਹੀ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਜਾਵੇਗਾ। ਸੰਸਦ ਮੈਂਬਰ, ਵਿਧਾਇਕਾਂ, ਸੇਲਜ਼ ਪਰਸਨ, ਟਰਾਂਸਪੋਰਟਰ, ਡਾਕਟਰ, ਜਰਨਲਿਸਟ, ਇੰਜੀਨੀਅਰਜ਼, ਐਗਜ਼ੀਕਿਊਟਿਵ, ਵਪਾਰੀਆਂ ਤੇ ਕੰਸਲਟੈਂਟਸ ਵਰਗੇ ਵਾਰ-ਵਾਰ ਸੂਬੇ 'ਚ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਪਵੇਗੀ।

Posted By: Seema Anand