-ਰੰਧਾਵਾ ਵੱਲੋਂ ਅਧਿਕਾਰੀਆਂ ਨੂੰ ਲਿਫਟਿੰਗ ਯਕੀਨੀ ਬਣਾਉਣ ਲਈ ਤਾੜਨਾ

ਸੁਰਜੀਤ ਸਿੰਘ ਕੋਹਾੜ, ਲਾਲੜੂ : ਲਾਲੜੂ ਤੇ ਇਸ ਦੀਆਂ ਸਹਾਇਕ ਅਨਾਜ਼ ਮੰਡੀਆਂ ਤਸਿੰਬਲੀ ਤੇ ਜੜੌਤ 'ਚ ਹੁਣ ਤਕ ਕਰੀਬ 70 ਹਜ਼ਾਰ 485 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਦਕਿ ਇਨ੍ਹਾਂ ਮੰਡੀਆਂ ਵਿਚੋਂ ਹੁਣ ਤਕ 6 ਹਜ਼ਾਰ 663 ਕੁਇੰਟਲ ਝੋਨੇ ਦੀ ਲਿਫ਼ਟਿੰਗ ਹੋਈ ਹੈ, ਜੋ ਕਿ ਖਰੀਦ ਦਾ ਕਰੀਬ 10 ਫ਼ੀਸਦੀ ਹੈ। ਲਿਫ਼ਟਿੰਗ ਘੱਟ ਹੋਣ ਕਾਰਨ ਮੰਡੀਆਂ 'ਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਲਿਫ਼ਟਿੰਗ ਦੀ ਪਰੇਸ਼ਾਨੀ ਸਾਹਮਣੇ ਆਉਣ ਉਪਰੰਤ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਤਸਿੰਬਲੀ ਤੇ ਜੜੌਤ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨਾਜ਼ ਮੰਡੀਆਂ 'ਚੋਂ ਝੋਨੇ ਦੀ ਚੁਕਾਈ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਹੈ ਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਬੋਲੀ, ਭਰਾਈ ਤੇ ਲਿਫ਼ਟਿੰਗ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦੇਣ। ਹਲਕਾ ਵਿਧਾਇਕ ਨੇ ਕਿਹਾ ਕਿ ਮੰਡੀਆਂ 'ਚ ਝੋਨੇ ਦੀ ਖਰੀਦ ਦਾ ਕੰਮ ਸੰਚਾਰੂ ਢੰਗ ਨਾਲ ਚਲ ਰਿਹਾ ਹੈ।

ਮੰਡੀਆਂ 'ਚੋਂ ਨਾ ਸਿਰਫ਼ ਝੋਨੇ ਦੀ ਸਹੀ ਖਰੀਦ ਹੋ ਰਹੀ ਹੈ, ਸਗੋਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਵੀ ਸਹੀ ਸਮੇਂ 'ਤੇ ਆ ਰਹੇ ਹਨ। ਇਕ ਦੋ ਥਾਈਂ ਝੋਨੇ ਦੀਆਂ ਭਰੀਆਂ ਬੋਰੀਆਂ ਦੀ ਲਿਫ਼ਟਿੰਗ ਦੀ ਸਮੱਸਿਆ ਸਾਹਮਣੇ ਆਈ ਸੀ, ਜਿਸ ਸਬੰਧੀ ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਸਪੱਸ਼ਟ ਹਦਾਇਤ ਦਿੱਤੀ ਹੈ ਕਿ ਝੋਨੇ ਦੀ ਲਿਫ਼ਟਿੰਗ ਜਲਦ ਤੋਂ ਜਲਦ ਤੇ ਨਿਰੰਤਰ ਕੀਤੀ ਜਾਵੇ ਤਾਂ ਜੋ ਮੰਡੀਆਂ 'ਚ ਝੋਨਾ ਲਿਆਉਣ ਵੇਲੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਵੱਡੇ ਪੱਧਰ 'ਤੇ ਪਟਵਾਰੀ ਗਿਰਦਾਵਰੀ ਦਾ ਕੰਮ ਕਰ ਰਹੇ ਹਨ, ਜਲਦ ਹੀ ਕਿਸਾਨਾਂ ਨੂੰ ਖ਼ਰਾਬ ਫ਼ਸਲਾਂ ਦਾ ਉਚਿਤ ਮੁਆਵਜ਼ਾ ਦਿਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

------------

ਬਾਕਸ

ਮੰਡੀ ਸੁਪਰਵਾਈਜਰ ਜਗਦੀਪ ਸਿੰਘ ਨੇ ਦੱਸਿਆ ਕਿ ਹੁਣ ਤਕ ਦਾਣਾ ਮੰਡੀ ਲਾਲੜੂ 'ਚ 47 ਹਜ਼ਾਰ 416 ਕੁਇੰਟਲ ਝੋਨੇ ਦੀ ਹੋਈ ਖਰੀਦ 'ਚੋਂ ਮਾਰਕਫੈਡ ਨੇ 23 ਹਜ਼ਾਰ 879, ਪਨਸਪ ਨੇ 7 ਹਜ਼ਾਰ 977, ਵੇਅਰਹਾਊਸ ਨੇ 14 ਹਜ਼ਾਰ 998 ਅਤੇ ਪ੍ਰਰਾਈਵੇਟ 562 ਕੁਇੰਟਲ ਝੋਨਾ ਖਰੀਦਿਆ ਗਿਆ ਹੈ ਜਦਕਿ ਦਾਣਾ ਮੰਡੀ ਤਸਿੰਬਲੀ 'ਚ ਮਾਰਕਫੈਡ ਨੇ 16 ਹਜ਼ਾਰ 524 ਕੁਇੰਟਲ ਝੋਨਾ ਖਰੀਦਿਆ ਤੇ ਦਾਣਾ ਮੰਡੀ ਜੜੌਤ ਵਿਖੇ ਪਨਗਰੇਨ ਨੇ 6130 ਕੁਇੰਟਲ ਝੋਨਾ ਖਰੀਦਿਆ ਅਤੇ ਦਾਣਾ ਮੰਡੀ ਟਿਵਾਣਾ ਵਿਖੇ ਐੱਫਸੀਆਈ 415 ਕੁਇੰਟਲ ਝੋਨਾ ਖਰੀਦਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ 6663 ਕੁਇੰਟਲ ਝੋਨੇ ਦੀ ਲਿਫਟਿੰਗ ਹੋਈ ਹੈ, ਜਿਸ 'ਚ ਦਾਣਾ ਮੰਡੀ ਲਾਲੜੂ 'ਚੋਂ 5403 ਕੁਇੰਟਲ ਤੇ ਤਸਿੰਬਲੀ ਵਿਖੇ 1260 ਕੁਇੰਟਲ ਝੋਨਾ ਸ਼ਾਮਿਲ ਹੈ, ਜਦਕਿ ਦਾਣਾ ਮੰਡੀ ਜੜੌਤ ਤੇ ਟਿਵਾਣਾ ਵਿਖੇ ਹਾਲੇ ਲਿਫ਼ਟਿੰਗ ਸ਼ੁਰੂ ਨਹੀਂ ਹੋ ਸਕੀ ਪਰ ਉਨਾਂ੍ਹ ਨਾਲ ਹੀ ਕਿਹਾ ਕਿ ਉਹ ਜਲਦ ਹੀ ਲਿਫ਼ਟਿੰਗ ਦਾ ਕੰਮ ਤੇਜ਼ ਕਰਣਗੇ।

ਜਗਦੀਪ ਸਿੰਘ, ਮੰਡੀ ਸੁਪਰਵਾਈਜ਼ਰ ਮਾਰਕਿਟ ਕਮੇਟੀ ਲਾਲੜੂ।

----------

ਬਾਕਸ

ਮੰਡੀਕਰਨ ਸਭਾ ਦੇ ਮੈਨੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਖਰੀਦ ਪ੍ਰਬੰਧ ਸੰਚਾਰੂ ਢੰਗ ਨਾਲ ਚਲ ਰਹੇ ਹਨ ਤੇ ਉਨ੍ਹਾਂ ਵੱਲੋਂ 5 ਅਕਤੂਬਰ ਤੋਂ ਲਿਫ਼ਟਿੰਗ ਕੀਤੀ ਜਾ ਰਹੀ ਹੈ ਤੇ ਜਲਦ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੂੰ ਬਾਰਦਾਨੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਗੁਰਜਿੰਦਰ ਸਿੰਘ, ਮੈਨੇਜਰ ਮੰਡੀਕਰਨ ਸਭਾ ਲਾਲੜੂ।