ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਕੈਪਟਨ ਸਰਕਾਰ ਦਾ ਮੰਗਲਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਬਜਟ ਇਜਲਾਸ ਹੰਗਾਮਿਆਂ ਭਰਪੂਰ ਰਹੇਗਾ ਜਿੱਥੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਲੋਕ ਮੁੱਦਿਆਂ 'ਤੇ ਘੇਰਨ ਦੀ ਰਣਨੀਤੀ ਘੜੀ ਹੈ ਉੱਥੇ ਹੀ ਸਰਕਾਰ ਨੇ ਵੀ ਵਿਰੋਧੀਆਂ 'ਤੇ ਭਾਰੀ ਪੈਣ ਦੀ ਤਿਆਰੀ ਖਿੱਚ ਹੋਈ ਹੈ।

12 ਤੋਂ 21 ਫਰਵਰੀ ਤਕ ਚੱਲਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਸਾਨੀ, ਨੌਜਵਾਨੀ, ਮੁਲਾਜ਼ਮਾਂ, ਅਧਿਆਪਕਾਂ, ਅਮਨ-ਕਾਨੂੰਨ, ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਮੁੱਦੇ ਮੁੜ ਗਰਮਾਉਣਗੇ ਆਪਸ ਵਿਚ ਦੋਫਾੜ ਹੋਈ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਜਿੱਥੇ ਧਾਰਮਿਕ ਅਤੇ ਲੋਕ ਮੁੱਦਿਆਂ 'ਤੇ ਕਾਂਗਰਸ ਸਰਕਾਰ ਨੂੰ ਘੇਰੇਗੀ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨ ਖ਼ੁਦਕੁਸ਼ੀਆਂ, ਕਰਜ਼ਾ ਮਾਫ਼ੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ, ਮੁਲਾਜ਼ਮਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਅਤੇ ਮਜ਼ਦੂਰਾਂ ਦੇ ਮੁੱਦੇ ਉਠਾਏਗਾ। ਇਜਲਾਸ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲ਼ੀ ਕਾਂਡ ਦਾ ਮੁੱਦਾ ਵੀ ਛਾਏ ਰਹਿਣ ਦੇ ਆਸਾਰ ਹਨ। ਆਪ ਤੋਂ ਬਾਗ਼ੀ ਹੋ ਕੇ ਵੱਖਰੀ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਬਜਟ ਇਜਲਾਸ ਦੀਆਂ ਮੀਟਿੰਗਾਂ ਵਿਚ ਫਿਲਹਾਲ ਸ਼ਾਮਲ ਨਹੀਂ ਹੋਣਗੇ ਅਤੇ ਬਾਹਰ ਰਹਿ ਕੇ ਕਾਂਗਰਸ, ਅਕਾਲੀ ਦਲ ਅਤੇ ਆਪ ਦੀ ਪੋਲ੍ਹ ਖੋਲ੍ਹਣਗੇ।

ਸੁਖਬੀਰ ਨੇ ਵਿਧਾਇਕਾਂ ਦੀ ਮੀਟਿੰਗ ਸੱਦੀ

ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਦੀ ਅਹਿਮ ਮੀਟਿੰਗ ਬੁਲਾਈ ਹੈ, ਜਿਸ ਵਿਚ ਇਜਲਾਸ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸੁਖਬੀਰ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਜਿਸ ਝੂਠ ਦੇ ਸਿਰ 'ਤੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕੀਤਾ ਸੀ। ਉਸ ਦਾ ਭਾਂਡਾ ਹੁਣ ਭੱਜ ਚੁੱਕਿਆ ਹੈ ਅਤੇ ਕਾਂਗਰਸ ਦੇ ਵਿਸਵਾਸ਼ਘਾਤ ਨੂੰ ਵਿਧਾਨ ਸਭਾ ਇਜਲਾਸ ਦੌਰਾਨ ਨੰਗਿਆਂ ਕੀਤਾ ਜਾਵੇਗਾ।

ਅਕਾਲੀ ਦਲ ਇਜਲਾਸ ਦੀਆਂ ਬੈਠਕਾਂ ਵਿਚ ਸ਼ਾਮਲ ਹੋਵੇਗਾ ਅਤੇ ਲੋਕਾਂ ਦੇ ਮੁੱਦੇ ਜ਼ੋਰ-ਸ਼ੋਰ ਨਾਲ ਚੁੱਕੇਗਾ ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਸੈਸ਼ਨ ਦਾ ਸਮਾਂ ਘੱਟੋ-ਘੱਟ 3 ਹਫ਼ਤੇ ਤਕ ਕੀਤਾ ਜਾਵੇ ਤਾਂ ਕਿ ਕੈਪਟਨ ਸਰਕਾਰ ਦੀ ਪੋਲ੍ਹ ਖੋਲ੍ਹੀ ਜਾ ਸਕੇ ਕਰਜ਼ਾ ਕੁਰਕੀ ਖ਼ਤਮ, ਘਰ-ਘਰ ਸਰਕਾਰੀ ਨੌਕਰੀ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮੁਲਾਜ਼ਮਾਂ ਦੇ ਡੀਏ, ਬਕਾਏ ਅਤੇ 6ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਤੋਂ ਕੈਪਟਨ ਸਰਕਾਰ ਭੱਜ ਗਈ ਹੈ।

ਸੂਬੇ ਵਿਚ ਜਦੋਂ ਦੀ ਕੈਪਟਨ ਸਰਕਾਰ ਬਣੀ ਹੈ 800 ਦੇ ਕਰੀਬ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਕਾਂਗਰਸ ਦੇ ਝੂਠੇ ਵਾਅਦੇ ਮੁਤਾਬਕ ਪੀੜਿਤ ਪਰਿਵਾਰਾਂ ਨੂੰ ਨਾ ਤਾਂ 10 ਲੱਖ ਦਾ ਮੁਆਵਜ਼ਾ ਦਿੱਤਾ ਜਾ ਰਿਹੈ ਅਤੇ ਨਾ ਹੀ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ ਸੂਬੇ ਦੇ ਕਿਸਾਨ ਅਤੇ ਨੌਜਵਾਨਾਂ ਸਮੇਤ ਹਰ ਵਰਗ ਠੱਗਿਆ ਮਹਿਸੂਸ ਕਰ ਰਿਹਾ ਹੈ।

ਕੈਪਟਨ ਦੀ ਵਾਅਦਾਖ਼ਿਲਾਫ਼ੀ ਬਾਰੇ ਆਵਾਜ਼ ਉਠਾਵਾਂਗੇ : ਹਰਪਾਲ ਸਿੰਘ ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੂਬੇ ਵਿਚ ਸੱਤਾ ਹਾਸਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪ੍ੰਤੂ ਮੁੱਖ ਮੰਤਰੀ ਬਣਦੇ ਸਾਰ ਹੀ ਸੱਤਾ ਦੇ ਨਸ਼ੇ ਵਿਚ ਉਨ੍ਹਾਂ ਨੂੰ ਸਾਰੇ ਵਾਅਦੇ ਭੁੱਲ ਗਏ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਹਰ ਵਰਗ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੋਂ ਦੁਖੀ ਹੈ ਉੱਥੇ ਹੀ ਕਾਂਗਰਸੀ ਵਰਕਰ ਤੇ ਲੀਡਰ ਖ਼ੁਦ ਵੀ ਕੈਪਟਨ ਨੂੰ ਕੋਸ ਰਹੇ ਹਨ। ਬਜਟ ਇਜਲਾਸ ਵਿਚ ਆਪ ਵਿਧਾਇਕ ਕਿਸਾਨੀ, ਮਹਿੰਗੀ ਬਿਜਲੀ, ਮਜ਼ਦੂਰ, ਪੰਜਾਬੀ ਭਾਸ਼ਾ, ਟਰਾਂਸਪੋਰਟ ਮਾਫ਼ੀਆ, ਵਪਾਰ, ਸਿੱਖਿਆ, ਔ ਰਤ ਸਸ਼ਕਤੀਕਰਨ, ਦਲਿਤ, ਨਰੇਗਾ, ਸਿਹਤ, ਟਰੈਵਲ ਏਜੰਟਾਂ, ਨਸ਼ਾ, ਕਾਨੂੰਨ ਅਤੇ ਨਿਆਂ ਸਥਿਤੀ, ਨੌਜਵਾਨ ਰੁਜ਼ਗਾਰ ਸਮੇਤ ਹੋਰ ਮੁੱਦੇ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਲੈ ਕੇ ਪਾਰਟੀ ਦੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ।

ਕੈਪਟਨ ਦੀ ਫ਼ੌਜ ਤਿਆਰ

ਇਜਲਾਸ ਦੌਰਾਨ ਆਪ ਅਤੇ ਅਕਾਲੀਆਂ ਨੂੰ ਚਿੱਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਦੀ ਫ਼ੌਜ ਨੂੰ ਵੱਖ-ਵੱਖ ਮੁੱਦਿਆਂ 'ਤੇ ਤਿਆਰੀ ਕਰਕੇ ਆਉਣ ਲਈ ਡਿਊਟੀਆਂ ਲਾਈਆਂ ਹਨ। ਚਾਹੇ ਕਿਸਾਨਾਂ ਦਾ ਮੁੱਦਾ ਹੋਵੇ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜਾਂ ਫਿਰ ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਦਾ, ਸਾਰੇ ਮੁੱਦਿਆਂ ਉਤੇ ਵਿਰੋਧੀ ਧਿਰਾਂ ਨੂੰ ਜਵਾਬ ਦੇਣ ਲਈ ਕੈਪਟਨ ਨੇ ਆਪਣੇ ਵਜ਼ੀਰਾਂ ਨੂੰ ਪਹਿਲੀ ਕਤਾਰ ਵਿਚ ਅਤੇ ਵਿਧਾਇਕਾਂ ਨੂੰ ਦੂਜੀ ਕਤਾਰ ਵਿਚ ਤਿਆਰੀ ਕਰਕੇ ਆਉਣ ਲਈ ਕਿਹਾ ਹੈ। ਬੇਅਦਬੀ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਮਾਮਲਿਆਂ ਵਿਚ ਅਕਾਲੀਆਂ ਨੂੰ ਰਗੜੇ ਲਾਉਣ ਦੀ ਕਮਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਨੂੰ ਸੌਂਪੀ ਗਈ ਹੈ।

ਬਾਗ਼ੀ ਵਿਧਾਇਕਾਂ ਨੇ ਬਣਾਈ ਵੱਖਰੀ ਰਣਨੀਤੀ

ਦੋਫਾੜ ਹੋਈ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨਾਲ ਸਬੰਧਿਤ ਵਿਧਾਇਕਾਂ ਨੇ ਵੱਖਰੇ ਤੌਰ 'ਤੇ ਆਪਣੇ ਮੁੱਦੇ ਚੁੱਕਣ ਦੀ ਰਣਨੀਤੀ ਬਣਾਈ ਹੈ ਜਿੱਥੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਇਜਲਾਸ ਵਿਚ ਸ਼ਾਮਲ ਨਹੀਂ ਹੋਣਗੇ। ਉੱਥੇ ਹੀ ਦੂਜੇ 6 ਵਿਧਾਇਕ ਇਜਲਾਸ ਦੌਰਾਨ ਆਪੋ-ਆਪਣੇ ਹਲਕਿਆਂ ਨਾਲ ਸਬੰਧਿਤ ਮੁੱਦੇ ਉਠਾਉਣਗੇ ਇਨ੍ਹਾਂ ਵਿਧਾਇਕਾਂ ਦੀ ਅਗਵਾਈ ਖਰੜ ਹਲਕੇ ਤੋਂ ਵਿਧਾਇਕ ਕੰਵਰ ਸੰਧੂ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਰਨਗੇ।

ਆਪ ਦੇ ਇਨ੍ਹਾਂ ਬਾਗ਼ੀ ਵਿਧਾਇਕਾਂ ਦਾ ਧੜਾ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਆਪਣੀ ਭੂਮਿਕਾ ਨਿਭਾਏਗਾ ਇਨ੍ਹਾਂ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵੱਲੋਂ ਪਾਰਟੀ ਵਿਧਾਇਕਾਂ ਦੇ 'ਡਿਨਰ' ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਸੀ ਜਿਸ ਨੂੰ ਇਨ੍ਹਾਂ ਨੇ ਰੱਦ ਕਰਦਿਆਂ ਸਾਫ਼ ਕਰ ਦਿੱਤਾ ਕਿ ਜਦੋਂ ਉਹ ਪਾਰਟੀ ਵਿਚ ਹੀ ਨਹੀਂ ਹਨ ਤਾਂ 'ਡਿਨਰ' ਵਿਚ ਕਿਵੇਂ ਸ਼ਾਮਲ ਹੋ ਸਕਦੇ ਹਨ।