ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ ਨੇ ਭਾਸ਼ਾ ਵਿਭਾਗ ਪੰਜਾਬ ਦੇ ਹਿੰਦੀ ਦਿਵਸ ਵਾਲੇ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨਾਲ ਕੀਤੇ ਗਏ ਦੁਰਵਿਹਾਰ ਦੀ ਸਖ਼ਤ ਨਿੰਦਾ ਕਰਦਿਆਂ ਮੁਲਕ ਨੂੰ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੇ 'ਇਕ ਭਾਸ਼ਾ ਇਕ ਰਾਸ਼ਟਰ' ਦੇ ਸੰਕਲਪ ਵੱਲ ਲਿਜਾਣ ਦੇ ਕੀਤੇ ਜਾ ਰਹੇ ਯਤਨਾਂ ਖ਼ਿਲਾਫ਼ ਸਮੂਹ ਲੇਖਕ ਭਾਈਚਾਰੇ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਹੈ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਕਿਹਾ ਕਿ ਜਦੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਦੌਰਾਨ ਡਾ. ਤੇਜਵੰਤ ਮਾਨ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਗਾਲੀ ਗਲੋਚ ਦੀ ਭਾਸ਼ਾ ਵਿਚ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਐਨ ਉਦੋਂ ਹੀ ਭਾਰਤ ਦੇ ਗ੍ਹਿ ਮੰਤਰੀ ਅਮਿਤ ਸ਼ਾਹ ਹਿੰਦੀ ਦਿਵਸ ਦੇ ਬਹਾਨੇ ਨਾਲ ਸਮੁੱਚੇ ਮੁਲਕ ਵਿਚ ਸਿਰਫ਼ ਹਿੰਦੀ ਭਾਸ਼ਾ ਨੂੰ ਹੀ ਠੋਸਣ ਦਾ ਸੰਕਲਪ ਇਹ ਕਹਿ ਕੇ ਪੇਸ਼ ਕਰ ਰਹੇ ਸਨ ਕਿ ਅੱਜ ਭਾਰਤ ਨੂੰ 'ਇਕ ਭਾਸ਼ਾ ਇਕ ਰਾਸ਼ਟਰ' ਵਜੋਂ ਤਸੱਵਰ ਕਰਨ ਦੀ ਜ਼ਰੂਰਤ ਹੈ। ਲੇਖਕ ਆਗੂਆਂ ਨੇ ਕਿਹਾ ਕਿ ਇਕੋ ਵੇਲੇ ਇਨ੍ਹਾਂ ਦੋ ਘਟਨਾਵਾਂ ਦਾ ਵਾਪਰਨਾ ਸਿਰਫ਼ ਇਤਫ਼ਾਕ ਨਹੀਂ ਹੈ ਸਗੋਂ ਮੁਲਕ ਦੇ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਢਾਂਚੇ ਨੂੰ ਤਬਾਹ ਕਰਕੇ ਸਿਰਫ਼ ਇਕੋ ਰੰਗ ਵਿਚ ਰੰਗਣ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਆਰ.ਐਸ.ਐਸ. ਦੇ ਏਜੰਡੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁਣ ਖੁੱਲ੍ਹੇਆਮ ਲਾਗੂ ਕਰਨ ਦੇ ਰਸਤੇ 'ਤੇ ਤੁਰ ਪਈ ਹੈ, ਜਿਸ ਦੇ ਵਿਰੋਧ ਵਿਚ ਦੇਸ਼ ਭਰ ਦੇ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਦਾ ਵਿਸ਼ਾਲ ਏਕਾ ਅੱਜ ਦੀ ਸਭ ਤੋਂ ਪਹਿਲੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਅਤੇ ਖ਼ਤਰਨਾਕ ਢੰਗ ਨਾਲ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ/ਬੋਲੀਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ, ਉਹ ਬਹੁਤ ਚਿੰਤਾਜਨਕ ਹੈ। ਸੰਵਿਧਾਨ ਹਰ ਭਾਰਤੀ ਨੂੰ ਆਪਣੀ ਵੱਖਰੀ ਭਾਸ਼ਾ, ਲਿਪੀ ਅਤੇ ਸਭਿਆਚਾਰ ਦਾ ਅਧਿਕਾਰ ਦਿੰਦਾ ਹੈ। ਸਭਾ ਨੇ ਡਾ. ਮਾਨ ਅਤੇ ਸਮੂਹ ਪੰਜਾਬੀ ਪ੍ਰਰੇਮੀਆਂ ਨੂੰ ਦਿੱਤੀਆਂ ਗਈਆਂ ਧਮਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਸਲੇ 'ਤੇ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀ ਬੇਈਮਾਨ ਚੁੱਪੀ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਸਮੂਹ ਲੇਖਕ ਭਾਈਚਾਰੇ ਨੂੰ ਨਾਲ ਲੈ ਕੇ ਇਸ ਮੁੱਦੇ 'ਤੇ ਸੰਵਾਦ ਵੀ ਤੋਰਿਆ ਜਾਵੇਗਾ। ਕੇਂਦਰੀ ਸਭਾ ਨੇ ਇਸ ਮੁੱਦੇ ਦੇ ਨਾਲ ਨਾਲ ਕੁਝ ਹੋਰ ਮੁੱਦਿਆਂ ਨੂੰ ਵਿਚਾਰਨ ਲਈ 22 ਸਤੰਬਰ ਦਿਨ ਐਤਵਾਰ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਅਗਜ਼ੈਕਟਿਵ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਲਈ ਹੈ।