ਗੁਰਮੁੱਖ ਵਾਲੀਆ, ਐੱਸਏਐੱਸ ਨਗਰ : ਰੰਮੀ ਰੰਧਾਵਾ ਅਤੇ ਐਲੀ ਮਾਂਗਟ ਮਾਮਲਾ ਵਿਵਾਦ ਅਜੇ ਪੂਰੀ ਤਰ੍ਹਾਂ ਠੰਢਾ ਨਹੀਂ ਹੋਇਆ ਹੈ ਕਿ ਹੁਣ ਪੰਜਾਬੀ ਗਾਇਕ ਕਰਨ ਔਜਲਾ ਸੁਰਖੀਆਂ 'ਚ ਆ ਗਿਆ। ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਨਾਲ ਮੋਹਾਲੀ ਸ਼ਹਿਰ ਦੀਆਂ ਸੜਕਾਂ 'ਤੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਉਸ ਨੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ। ਵਿਦੇਸ਼ਾਂ 'ਚ ਵਸੇ ਇਹ ਪੰਜਾਬੀ ਗਾਇਕ ਜਿਥੇ ਵਿਦੇਸ਼ਾਂ ਦਾ ਕਾਨੂੰਨ ਤਾਂ ਅਪਣਾਉਣਾ ਜਾਣਦੇ ਹਨ ਪਰ ਭਾਰਤ ਆਉਂਦੇ ਹੀ ਨਿਯਮਾਂ ਨੂੰ ਭੁੱਲ ਜਾਂਦੇ ਹਨ। ਗਾਇਕ ਕਰਨ ਔਜਲਾ ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ ਪੁੱਜੇ। ਉਸ ਦਾ ਦਿੱਲੀ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਪ੍ਰੋਗਰਾਮ ਤੈਅ ਹੈ, ਜਿਸ ਲਈ ਉਹ ਪੰਜਾਬ ਆਇਆ ਹੈ। ਚੰਡੀਗੜ੍ਹ ਏਅਰਪੋਰਟ 'ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਹਵਾਈ ਅੱਡੇ 'ਤੇ ਉਸ ਦੀ ਉਡੀਕ ਕਰ ਰਹੇ ਸੀ। ਗੇਟ ਤੋਂ ਬਾਹਰ ਆਉਂਦੇ ਹੀ ਕਰਨ ਔਜਲਾ ਨੂੰ ਉਸ ਦੇ ਦੋਸਤਾਂ ਨੇ ਘੇਰ ਲਿਆ ਅਤੇ ਲੋਕ ਆਪਣੀਆਂ ਵਿਚ ਗੱਡੀਆਂ 'ਚ ਮੋਹਾਲੀ ਵੱਲ ਤੁਰ ਪਏ। ਏਅਰਪੋਰਟ 200 ਫੁੱਟ ਰੋਡ 'ਤੇ ਆਉਂਦੇ ਹੀ ਕਰਨ ਔਜਲਾ ਗੱਡੀ ਦਾ ਸਨ ਰੂਫ਼ ਖੋਲ੍ਹ ਕੇ ਬਾਹਰ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੀ ਦੇਖਾ-ਦੇਖੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਗੱਡੀਆਂ ਦੀਆਂ ਬਾਰੀਆਂ ਦੇ ਬਾਹਰ ਬੈਠ ਕੇ ਖ਼ੂਬ ਹੱਲਾ ਕਰਨ ਲੱਗੇ। ਏਅਰਪੋਰਟ ਤੋਂ ਲੈ ਕੇ ਸੈਕਟਰ-71 ਤਕ ਕਿਸੇ ਵੀ ਲਾਈਟ ਪੁਆਇੰਟ 'ਤੇ ਗੱਡੀਆਂ ਦਾ ਕਾਫ਼ਿਲਾ ਨਹੀਂ ਰੁਕਿਆ। ਤੇਜ਼ ਪ੍ਰੈਸ਼ਰ ਹਾਰਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

Posted By: Seema Anand