ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਤਿੰਨ ਦਿਨ ਚੱਲਣ ਵਾਲੇ ਇਸ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੌਰਾਨ ਵਿਧਾਨ ਸਭਾ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ 58 ਲੋਕਾਂ ਤੇ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ 'ਚ ਮਾਰੇ ਗਏ 3 ਲੋਕਾਂ ਸਮੇਤ 4 ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਸਰਹੱਦ 'ਤੇ ਸ਼ਹੀਦ ਹੋਏ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਮੌਜੂਦ ਨਹੀਂ ਹੋਏ। ਸੈਸ਼ਨ 'ਚ ਕਾਂਗਰਸ ਦੇ 43, ਆਪ ਦੇ 9 ਤੇ ਅਕਾਲੀ ਦਲ-ਭਾਜਪਾ ਦੇ 10 ਵਿਧਾਇਕ ਮੌਜੂਦ ਰਹੇ। ਤਿੰਨ ਸੂਬਿਆਂ 'ਚ ਜਿੱਤ ਨਾਲ ਉਤਸ਼ਾਹਿਤ ਕਾਂਗਰਸ ਨੂੰ ਉਮੀਦ ਹੈ ਕਿ ਇਹ ਸੈਸ਼ਨ ਬੇਹੱਦ ਆਸਾਨੀ ਨਾਲ ਗੁਜ਼ਰ ਜਾਵੇਗਾ। ਸੁਖਪਾਲ ਸਿੰਘ ਖਹਿਰਾ ਨੂੰ ਅਚਾਨਕ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਈ ਆਪ ਵਿਧਾਇਕਾਂ ਨੇ ਬਗਾਵਤੀ ਤੇਵਰ ਕਰ ਦਿੱਤੇ ਸਨ। ਅਕਾਲੀ ਦਲ 'ਚ ਟਕਸਾਲੀ ਨੇਤਾ ਨਾਰਾਜ਼ ਹਨ। ਦੋਨੋਂ ਵਿਰੋਧੀ ਸੈਸ਼ਨ 'ਚ ਸ਼ਾਇਦ ਹੀ ਕਾਂਗਰਸ ਲਈ ਚੁਣੌਤੀ ਬਣ ਸਕਣ।