ਵਿਕਾਸ ਸ਼ਰਮਾ, ਚੰਡੀਗੜ੍ਹ : ਮੌਨਸੂਨ ਨੇ ਇਕ ਵਾਰ ਫਿਰ ਵਾਪਸੀ ਕਰਦਿਆਂ ਲੋਕਾਂ ਨੂੰ ਹੁੰਮਸ ਭਰੀ ਗਰੀ ਤੋਂ ਰਾਹਤ ਦਿੱਤੀ। ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਜ਼ਬਰਦਸਤ ਬਾਰਿਸ਼ ਹੋਈ। ਸ਼ੁੱਕਰਵਾਰ ਨੂੰ ਵੀ ਕਿਤੇ-ਕਿਤੇ ਬੱਦਲ ਛਾਏ ਹੋਏ ਹਨ ਜਦੋਂਕਿ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ 'ਚ ਧੁੱਪ ਖਿੜੀ ਹੋਈ ਹੈ। ਚੰਡੀਗੜ੍ਹ 'ਚ ਪਿਛਲੇ 24 ਘੰਟਿਆਂ 'ਚ 72 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਏਅਰਪੋਰਟ ਏਰੀਆ 'ਚ 64.6 ਐੱਮਐੱਮ ਬਾਰਿਸ਼ ਹੋਈ।

ਇਹ ਬਾਰਿਸ਼ ਪੂਰੇ ਉੱਤਰੀ ਰੀਜਨ 'ਚ ਹੋਈ। ਦਿੱਲੀ, ਕਰਨਾਲ ਤੇ ਅੰਬਾਲਾ 'ਚ ਜਿੱਥੇ 100 ਐੱਮਐੱਮ ਬਾਰਿਸ਼ ਦਰਜ ਹੋਈ, ਉੱਥੇ ਹੀ ਪੰਜਾਬ ਦੇ ਲੁਧਿਆਣਾ 'ਚ ਸਭ ਤੋਂ ਜ਼ਿਆਦਾ 95 ਐੱਮਐੱਮ ਤੇ ਅੰਮ੍ਰਿਤਸਰ 'ਚ 93 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਵੀ 95 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਚੰਡੀਗੜ੍ਹ, ਪੰਜਾਬ-ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਜ਼ਬਰਦਸਤ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ।

ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ

ਬਾਰਿਸ਼ ਦੀ ਵਜ੍ਹਾ ਨਾਲ ਸ਼ਹਿਰ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਸਵੇਰੇ 8 ਵਜੇ ਚੰਡੀਗੜ੍ਹ ਦਾ ਤਾਪਮਾਨ 29.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਸੀ, ਉੱਥੇ ਹੀ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਹੈ। ਫਿਲਹਾਲ ਧੁੱਪ ਖਿੜੀ ਹੋਈ ਹੈ ਤੇ ਲੋਕ ਸੁਹਾਵਣੇ ਮੌਸਮ ਦਾ ਲੁਤਫ਼ ਉਠਾ ਰਹੇ ਹਨ। ਮੌਸਮ ਲਗਾਤਾਰ ਬਦਲ ਰਿਹਾ ਹੈ।

Posted By: Seema Anand