ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਕਰਫਿਊ ਕਾਰਨ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧਣ ਦੀ ਰਫ਼ਤਾਰ ਵੀਰਵਾਰ ਨੂੰ ਵੀ ਘੱਟ ਰਹੀ। ਦੋ ਪੌਜ਼ਿਟਿਵ ਕੇਸ ਸਾਹਮਣੇ ਆਏ ਜਿਨ੍ਹਾਂ ਵਿਚੋਂ ਇਕ ਕੇਸ ਨਵਾਂ ਸ਼ਹਿਰ ਤੇ ਦੂਜਾ ਜਲੰਧਰ ਦੇ ਨਿਜਾਤਮ ਨਗਰ ਵਿਚ ਸਾਹਮਣੇ ਆਇਆ। ਇਸ ਦੇ ਨਾਲ ਹੀ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 33 ਹੋ ਗਈ ਹੈ। ਜਲੰਧਰ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ ਪਰ ਸਭ ਤੋਂ ਵੱਡੀ ਰਾਹਤ ਇਹ ਰਹੀ ਕਿ ਪੰਜਾਬ ਦਾ ਪਹਿਲਾ ਪੌਜ਼ਿਟਿਵ ਮਰੀਜ਼ ਹੁਣ ਕੋਰੋਨਾ ਮੁਕਤ ਹੋ ਗਿਆ ਹੈ।ਨਵਾਂਸ਼ਹਿਰ ਦੇ ਬਜ਼ੁਰਗ ਪਾਠੀ ਕਾਰਨ ਇਕ ਹੋਰ ਔਰਤ ਇਨਫੈਕਟਿਡ ਹੋ ਗਈ ਹੈ। ਉਸ ਦੇ ਸੰਪਰਕ ਵਿਚ ਆਉਣ ਨਾਲ ਹੁਣ ਤਕ ਕੁਲ 23 ਲੋਕ ਇਨਫੈਕਟਿਡ ਹੋ ਚੁੱਕੇ ਹਨ। ਪਠਲਾਵਾ (ਨਵਾਂਸ਼ਹਿਰ) ਦੇ ਸਰਪੰਚ ਦੀ 74 ਸਾਲਾ ਮਾਤਾ ਦੀ ਰਿਪੋਰਟ ਪੌਜ਼ਿਟਿਵ ਆਈ ਹੈ।

ਪਠਲਾਵਾ ਵਿਚ ਕੋਰੋਨਾ ਨਾਲ ਬਜ਼ੁਰਗ ਪਾਠੀ ਦੀ ਮੌਤ ਤੋਂ ਬਾਅਦ ਉਸ ਦੇ ਸੰਪਰਕ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੇ ਨਮੂਨੇ ਟੈਸਟ ਲਈ ਭੇਜੇ ਗਏ ਸਨ ਜਿਸ ਵਿਚ ਸਰਪੰਚ ਦੀ ਰਿਪੋਰਟ ਵੀ ਪੌਜ਼ਿਟਿਵ ਆਈ ਸੀ। ਵੀਰਵਾਰ ਨੂੰ ਜਲੰਧਰ ਦੇ ਨਿਜਾਤਮ ਨਗਰ ਦੀ ਇਕ ਔਰਤ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਉਸ ਨੂੰ ਲੁਧਿਆਣੇ ਦੇ ਹਸਪਤਾਲ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਉਸ ਦੀ ਉਮਰ 69 ਸਾਲ ਹੈ। ਉਧਰ ਚਾਰ ਮਾਰਚ ਨੂੰ ਇਟਲੀ ਤੋਂ ਮੁੜੇ ਹੁਸ਼ਿਆਰਪੁਰ ਦੇ ਕੋਰੋਨਾ ਪੌਜ਼ਿਟਿਵ ਵਿਅਕਤੀ ਦੇ ਕੋਰੋਨਾ ਮੁਕਤ ਹੋਣ ਨਾਲ ਡਾਕਟਰਾਂ ਨੇ ਸੁੱਖ ਦਾ ਸਾਹ ਲਿਆ ਹੈ। ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਅਧੀਨ ਇਹ ਪੰਜਾਬ ਦਾ ਪਹਿਲਾ ਕੋਰੋਨਾ ਪੌਜ਼ਿਟਿਵ ਮਰੀਜ਼ ਸੀ।

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ---ਪੌਜ਼ਿਟਿਵ---ਮੌਤ

ਨਵਾਂਸ਼ਹਿਰ---19---1

ਮੋਹਾਲੀ---5---0

ਜਲੰਧਰ---4---0

ਹੁਸ਼ਿਆਰਪੁਰ---3---0

ਅੰਮਿ੍ਤਸਰ---1---0

ਲੁਧਿਆਣਾ---1---0

ਕੁਲ---33---1

ਠੀਕ ਹੋਏ---1