ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਅਹੁਦਾ ਸੰਭਾਲਦਿਆਂ ਹੀ ਪ੍ਰਸ਼ਾਸਨਿਕ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰ ਕੇ ਨੌਂ ਆਈਏਐੱਸ ਅਧਿਕਾਰੀਆਂ ਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ਤਬਾਦਲਿਆਂ 'ਚ ਮੁੱਖ ਮੰਤਰੀ ਤੇ ਮੁੱਖ ਮੰਤਰੀ ਆਫਿਸ ਦੇ ਅਧਿਕਾਰੀਆਂ ਦੇ ਬਦਲਣ ਦੀ ਝਲਕ ਆਮ ਤੌਰ 'ਤੇ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ 'ਚ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪ੍ਰਿੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲਾਜੀ ਦਾ ਚਾਰਜ ਵੀ ਰਹੇਗਾ।

ਪਹਿਲਾਂ ਇਹ ਮਹਿਕਮਾ ਹੁਸਨਲਾਲ ਕੋਲ ਸੀ ਜਿਹੜੇ ਨਵੇਂ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਬਣ ਗਏ ਹਨ। ਇਸੇ ਤਰ੍ਹਾਂ ਖ਼ੁਰਾਕ ਅਤੇ ਸਪਲਾਈ ਵਿਭਾਗ ਤੋਂ ਸਪੈਸ਼ਲ ਪ੍ਰਿੰਸੀਪਲ ਸਕੱਤਰ ਦੇ ਰੂਪ 'ਚ ਲਗਾਏ ਗਏ ਰਾਹੁਲ ਤਿਵਾੜੀ ਦੀ ਜਗ੍ਹਾ ਗੁਰਕੀਰਤ ਕਿਰਪਾਲ ਨੂੰ ਭੇਜਿਆ ਗਿਆ ਹੈ।

ਕੇਂਦਰ ਤੋਂ ਡੈਪੂਟੇਸ਼ਨ 'ਤੇ ਪਰਤੇ ਦਿਲੀਪ ਕੁਮਾਰ ਨੂੰ ਸਾਇੰਸ ਐਂਡ ਟੈਕਨੋਲਾਜੀ ਵਿਭਾਗ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਕੋਲ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਸਕੱਤਰ ਇੰਪਲਾਈਮੈਂਟ ਜਨਰੇਸ਼ਨ ਦਾ ਚਾਰਜ ਵੀ ਰਹੇਗਾ।

ਕਮਲ ਕਿਸ਼ੋਰ ਯਾਦਵ ਨੂੰ ਲੋਕ ਸੰਪਰਕ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਦਾ ਚਾਰਜ ਵੀ ਰਹੇਗਾ।

ਮੁਹੰਮਦ ਤਈਅਬ ਨੂੰ ਵਕਫ਼ ਬੋਰਡ ਦਾ ਸੀਈਓ ਲਗਾਇਆ ਗਿਆ ਹੈ। ਉਨ੍ਹਾਂ ਕੋਲ ਡਾਇਰੈਕਟਰ ਖਜ਼ਾਨਾ ਦਾ ਚਾਰਜ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਸੁਮਿਦ ਜਾਰੰਗਲ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ। ਈਸ਼ਾ ਮੋਹਾਲੀ ਦੀ ਨਵੀਂ ਡੀਸੀ ਹੋਵੇਗੀ। ਉਹ ਗਿਰੀਸ਼ ਦਿਆਲਨ ਦੀ ਜਗ੍ਹਾ ਲੈਣਗੇ ਜੋ ਪਿਛਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੇ ਕਰੀਬੀ ਅਧਿਕਾਰੀਆਂ 'ਚੋਂ ਇਕ ਸਨ। ਹਰਪ੍ਰੀਤ ਸਿੰਘ ਸੂਦਨ ਨੂੰ ਉਨ੍ਹਾਂ ਦੇ ਪੁਰਾਣੇ ਮਹਾਕਮਿਆਂ ਦੇ ਨਾਲ-ਨਾਲ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ 'ਚ ਵਧੀਕ ਸੀਈਓ ਲਗਾਇਆ ਗਿਆ ਹੈ। ਸ਼ੌਕਤ ਅਹਿਮਦ ਨੂੰ ਮੁੱਖਮੰਤਰੀ ਦਾ ਅਡੀਸ਼ਨਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਅਨਿਲ ਗੁਪਤਾ ਡਿਪਟੀ ਸੈਕਟਰੀ ਪਰਸਨੋਲ ਹੋਣਗੇ।

Posted By: Seema Anand