ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਗਾਇਕਾ ਅਨਮੋਲ ਗਗਨ ਤੇ ਯੂਥ ਅਕਾਲੀ ਆਗੂ ਅਜੇ ਸਿੰਘ ਲਿਬੜਾ ਅੱਜ 'ਆਪ' ਪ੍ਰਧਾਨ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਲਾਲ ਚੰਦ ਕਟਾਰੂ ਚੱਕ ਭੋਹਾ ਹਲਕੇ ਤੋਂ ਆਰਐੱਪੀ ਆਗੂ ਨੇ ਵੀ ਅੱਜ ਆਪ ਦਾ ਪੱਲਾ ਫੜ ਲਿਆ। ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਹਰ ਵਰਗ ਦੇ ਲੋਕ ਆ ਰਹੇ ਹਨ। ਅਕਾਲੀ ਦਲ ਤੇ ਕਾਂਗਰਸ 'ਚ ਅਜਿਹੇ ਆਗੂ ਤੇ ਨੌਜਵਾਨ ਹਨ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਨਾਅਰੇ ਮਾਰਨ ਲਈ ਹੀ ਰੱਖਿਆ ਜਾਂਦਾ ਹੈ। ਆਪ ਵਿਚ ਹਰ ਸਾਧਾਰਨ ਬੰਦੇ ਨੂੰ ਥਾਂ ਦਿੱਤੀ ਜਾਂਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਯੂਥ ਕੁਝ ਕਰਨਾ ਚਾਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੋ ਅੱਜ ਅਕਾਲੀ ਦਲ ਤੇ ਕਾਂਗਰਸ 'ਚ ਜਾਵੇਗਾ, ਮੰਨਿਆ ਜਾਵੇਗਾ ਕਿ ਉਨ੍ਹਾਂ ਦੀ ਨਿੱਜੀ ਲੋੜ ਹੈ। ਗਗਨ ਅਨਮੋਲ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਗਾਇਕੀ ਰਾਹੀਂ ਮਾਣ-ਸਨਮਾਨ ਤੇ ਦੌਲਤ ਮਿਲੀ ਪਰ ਮਨ ਨੂੰ ਸਕੂਨ ਨਹੀਂ ਮਿਲਦਾ ਸੀ। ਕੁਝ ਸਿਆਸੀ ਪਰਿਵਾਰਾਂ ਨੇ ਹੀ ਸਿਆਸਤ 'ਚ ਕਬਜ਼ਾ ਕੀਤਾ ਹੋਇਆ ਹੈ। ਉਹ ਬਦਲਾਅ ਦੀ ਰਾਜਨੀਤੀ ਕਰਨ ਪਾਰਟੀ 'ਚ ਸ਼ਾਮਲ ਹੋਈ ਹੈ। ਉਸ ਨੇ ਕਿਹਾ ਕਿ ਦਿੱਲੀ 'ਚ ਬਦਲਾਅ ਆ ਸਕਦਾ ਹੈ ਤਾਂ ਪੰਜਾਬ 'ਚ ਕਿਉਂ ਨਹੀਂ। ਪੰਜਾਬ ਦੇ ਲੋਕ ਕ੍ਰਾਂਤੀਕਾਰੀ ਹਨ। ਇੱਥੇ ਸੌਖਾ ਹੈ ਬਦਲਾਅ ਲਿਆਉਣਾ।

ਗਗਨ ਅਨਮੋਲ ਨੇ ਕਿਹਾ ਕਿ ਉਸ ਨੂੰ ਸਮਾਜ ਨਾਲ ਪਿਆਰ ਹੈ। ਹਰ ਵੇਲੇ ਲੋਕਾਂ ਦੇ ਹਿਤ 'ਚ ਖੜ੍ਹੇਗੀ। ਉਸ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੀ...ਹੁਣ ਆਪ ਦੀ ਸੇਵਿਕਾ ਬਣ ਕੇ ਕੰਮ ਕਰੇਗੀ। ਅਖੀਰ 'ਚ ਭਗਵੰਤ ਮਾਨ ਨੇ ਗਗਨ ਅਨਮੋਲ ਨੂੰ ਗਾਇਕੀ ਨਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਆਸਤ ਸੇਵਾ ਹੈ ਨਾ ਕਿ ਵਪਾਰ।

Posted By: Seema Anand