ਇੰਦਰਪ੍ਰੀਤ ਸਿੰਘ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਡਰੱਗਜ਼ ਦੀ ਰਿਪੋਰਟ ਨੂੰ ਲੈ ਕੇ ਇਕ-ਦੂਸਰੇ 'ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਅੱਜ ਪਾਰਟੀ ਨੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਵੱਲ ਕੂਚ ਕੀਤਾ, ਪਰ ਚੰਡੀਗੜ੍ਹ ਪੁਲਿਸ ਨੇ ਸੁਖਬੀਰ ਬਾਦਲ ਸਮੇਤ ਸਾਰੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਤੇ ਉਨ੍ਹਾਂ ਨੂੰ ਸਾਰੰਗਪੁਰ ਪੁਲਿਸ ਸਟੇਸ਼ਨ ਲੈ ਗਏ।

ਇਸੇ ਦੌਰਾਨ ਸੁਖਬੀਰ ਬਾਦਲ ਨੇ ਅੱਜ ਨਵਜੋਤ ਸਿੱਧੂ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਖੁੱਲ੍ਹ ਕੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਸ਼ਿਆਂ ਦੇ ਮੁੱਦੇ ਦਾ ਲਗਾਤਾਰ ਸਿਆਸੀਕਰਨ ਕੀਤਾ ਹੈ। ਇਸ ਦਾ ਸਬੂਤ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ, ਐਡਵੋਕੇਟ ਜਨਰਲ ਤੇ ਡੀਜੀਪੀ ਨੇ ਰਾਜ ਭਵਨ ਨੇੜੇ ਗੈਸਟ ਹਾਊਸ 'ਚ ਬੈਠ ਕੇ ਮੈਨੂੰ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਅਸੀਂ ਮੀਡੀਆ ਸਾਹਮਣੇ ਇਸ ਦਾ ਪਰਦਾਫਾਸ਼ ਕੀਤਾ ਸੀ। ਹੁਣ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਇਕ ਹੋਰ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਅਕਾਲੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰਾਂਗੇ।

ਦੂਜੇ ਪਾਸੇ ਨਵਜੋਤ ਸਿੱਧੂ ਨੇ ਅੱਜ ਇਸ ਮੁੱਦੇ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਬੂਤ ਦੇਣ ਕਿ ਉਨ੍ਹਾਂ ਨੇ ਉਸ ਡੀਜੀਪੀ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਜਿਸ ਨੇ 2015 'ਚ ਦੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਸੀ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਅਜਿਹਾ ਕਰਦੇ ਹਨ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਸਿੱਧੂ ਨੇ ਕਿਹਾ ਕਿ ਮੈਂ ਨਹੀਂ, ਇਨਫੋਰਸਮੈਂਟ ਡਾਇਰੈਕਟੋਰੇਟ ਤੁਹਾਡੇ 'ਤੇ ਛਾਪੇਮਾਰੀ ਕਰ ਰਿਹਾ ਹੈ ਅਤੇ ਤੁਹਾਡੇ ਸੁਰਿੰਦਰ ਪਹਿਲਵਾਨ ਨਾਲ ਖਾਤਿਆਂ ਦੀ ਜਾਂਚ ਕਰ ਰਿਹਾ ਹੈ। ਤੁਸੀਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਨੱਚ ਰਹੇ ਹੋ ਕਿਉਂਕਿ ਤੁਸੀਂ ਹਮੇਸ਼ਾ ਉਨ੍ਹਾਂ ਦੀ ਕਠਪੁਤਲੀ ਰਹੇ ਹੋ।

Posted By: Seema Anand