ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ/ਮੋਗਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਤੁਰੰਤ ਬਾਅਦ ਪਾਰਟੀ ਵਿਚ ਬਗ਼ਾਵਤ ਸ਼ੁਰੂ ਹੋ ਗਈ ਹੈ। ਸ਼ਨਿਚਰਵਾਰ ਨੂੰ ਕਾਂਗਰਸ ਦੇ ਇਕ ਮੌਜੂਦਾ ਅਤੇ ਦੋ ਸਾਬਕਾ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ। ਇਨ੍ਹਾਂ ਵਿਚੋਂ ਦੋ ਆਗੂ ਭਾਰਤੀ ਜਨਤਾ ਪਾਰਟੀ ਅਤੇ ਇਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ।

ਕਾਂਗਰਸ ਨੂੰ ਵੱਡਾ ਝਟਕਾ ਜ਼ਿਲ੍ਹਾ ਮੋਗਾ ’ਚ ਲੱਗਾ ਹੈ। ਮੋਗਾ ’ਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਅਤੇ ਨਿਹਾਲ ਸਿੰਘ ਵਾਲਾ ’ਚ ਸ਼ੋ੍ਰਮਣੀ ਅਕਾਲੀ ਦਲ ਤੋਂ ਕਾਂਗਰਸ ਵਿਚ ਆਏ ਭੁਪਿੰਦਰ ਸਿੰਘ ਸਾਹੂਕੇ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਬਾਗ਼ੀ ਤੇਵਰ ਅਪਣਾ ਲਏ। ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਅਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਭਾਜਪਾ ਵਿਚ ਸ਼ਾਮਲ ਹੋ ਗਏ।

ਉਥੇ ਫਗਵਾਡ਼ਾ ਤੋਂ ਇਕ ਵਾਰ ਫਿਰ ਟਿਕਟ ਨਾ ਮਿਲਦੀ ਦੇਖ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦਾ ਝਾਡ਼ੂ ਫਡ਼ ਲਿਆ ਹੈ। ਸ਼ਨਿਚਰਵਾਰ ਨੂੰ ਉਹ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿਚ ‘ਆਪ’ ’ਚ ਸ਼ਾਮਲ ਹੋ ਗਏ। ਸਾਬਕਾ ਕੇਂਦਰੀ ਮੰਤਰੀ ਰਹੇ ਬੂਟਾ ਸਿੰਘ ਦੇ ਭਾਣਜੇ ਅਤੇ ਅਨੁਸੂਚਿਤ ਜਾਤੀ ਦੇ ਦਿੱਗਜ ਆਗੂ ਜੋਗਿੰਦਰ ਸਿੰਘ ਮਾਨ ਫਗਵਾਡ਼ਾ ਤੋਂ ਤਿੰਨ ਵਾਰ ਵਿਧਾਇਕ ਅਤੇ ਬੇਅੰਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਮੰਤਰੀ ਰਹਿ ਚੁੱਕੇ ਹਨ। ਕਾਂਗਰਸ ਛੱਡਣ ਵਾਲੇ ਡਾ. ਹਰਜੋਤ ਕਮਲ ਨੂੰ ਭਾਜਪਾ ਮੋਗਾ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਸੂਤਰਾਂ ਅਨੁਸਾਰ ਇਸ ਦੇ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਡਾ. ਹਰਜੋਤ ਕਮਲ ਨੂੰ ਮਾਲਵਿਕਾ ਖ਼ਿਲਾਫ਼ ਭਾਜਪਾ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ’ਚ ਉਤਾਰਨ ਨੂੰ ਲੈ ਕੇ ਚਰਚਾ ਅੰਤਿਮ ਦੌਰ ’ਚ ਹੈ।

ਮੋਗਾ ’ਚ ਕੁਝ ਹੋਰ ਆਗੂ ਵੀ ਕਾਂਗਰਸ ਛੱਡਣ ਦੀ ਤਿਆਰੀ ’ਚ

ਨਗਰ ਨਿਗਮ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਏ ਗੁਰਮਿੰਦਰਜੀਤ ਸਿੰਘ ਬਬਲੂ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਨੇ ਵੀ ਬਗ਼ਾਵਤ ਦਾ ਬਿਗੁਲ ਵਜਾ ਦਿੱਤਾ ਹੈ। ਧੀਰ ਨੇ ਕਿਹਾ ਕਿ ਕਾਂਗਰਸ ਨੇ ਮੋਗਾ ਹਲਕੇ ਨੂੰ ਲੈ ਕੇ ਜੋ ਫ਼ੈਸਲਾ ਲਿਆ ਹੈ, ਉਸ ਤੋਂ ਉਨ੍ਹਾਂ ਦੇ ਸਮਰਥਕ ਨਾਰਾਜ਼ ਹਨ। ਉਥੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਡਾ. ਹਰਜੋਤ ਕਮਲ ਦੇ ਨਜ਼ਦੀਕੀ ਜਤਿੰਦਰ ਅਰੋਡ਼ਾ ਤੇ ਮੇਅਰ ਨਿਤਿਕਾ ਭੱਲਾ ਵੀ ਪਾਰਟੀ ਛੱਡ ਸਕਦੇ ਹਨ ਜਦਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਵੀ ਕਿਹਾ ਕਿ ਰਾਜਨੀਤੀ ਵਿਚ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ।

ਮਤਲਬ ਲਈ ਹੀ ਹਾਂ ਵੱਡਾ ਭਰਾ? : ਡਾ. ਹਰਜੋਤ

ਭਾਜਪਾ ਵਿਚ ਸ਼ਾਮਲ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਮਾਲਵਿਕਾ ਨੇ ਉਸ ਸਮੇਂ ਉਨ੍ਹਾਂ ਨੂੰ ਵੱਡਾ ਭਰਾ ਕਿਹਾ ਹੈ, ਜਦੋਂ ਉਨ੍ਹਾਂ ਅਦਾਕਾਰ ਸੋਨੂੰ ਸੂਦ ਦੀ ਮਾਤਾ ਦੇ ਨਾਂ ’ਤੇ ਉਨ੍ਹਾਂ ਦੇ ਘਰ ਨੂੰ ਜਾਣ ਵਾਲੀ ਸਡ਼ਕ ਦਾ ਨਾਂ ਪ੍ਰੋ. ਸਰੋਜ ਸੂਦ ਮੈਮੋਰੀਅਲ ਰੋਡ ਰੱਖਿਆ ਸੀ। ਇਸ ਤੋਂ ਬਾਅਦ ਸੋਨੂੰ ਸੂਦ ਨੇ ਫੇਸਬੁੱਕ ’ਤੇ ਕਿਹਾ ਸੀ ਕਿ ਡਾ. ਹਰਜੋਤ ਨੇ ਬਹੁਤ ਵੱਡਾ ਕੰਮ ਕੀਤਾ ਹੈ। ਉਹ ਮੋਗਾ ਜਾ ਕੇ ਉਨ੍ਹਾਂ ਨਾਲ ਯਾਦਗਾਰੀ ਸੈਲਫੀ ਲੈਣਗੇ। ਸੈਲਫੀ ਲੈਣਾ ਤਾਂ ਦੂਰ ਦੀ ਗੱਲ, ਹੁਣ ਜਦੋਂ ਮਤਲਬ ਪਿਆ ਤਾਂ ਵੱਡੇ ਭਰਾ ਦੀ ਯਾਦ ਆ ਗਈ।

ਇੱਛਾ ਸੀ ਜਦੋਂ ਮੌਤ ਹੋਵੇ ਤਾਂ ਲਾਸ਼ ਕਾਂਗਰਸ ’ਚ ਝੰਡੇ ’ਚ ਲਿਪਟੇ : ਮਾਨ

‘ਆਪ’ ਵਿਚ ਸ਼ਾਮਲ ਹੋਣ ਵਾਲੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਮੌਤ ਉਪਰੰਤ ਉਨ੍ਹਾਂ ਦੀ ਲਾਸ਼ ਕਾਂਗਰਸ ਦੇ ਝੰਡੇ ਵਿਚ ਲਿਪਟੇ ਪਰ ਕਾਂਗਰਸ ਅਮੀਰ ਅਤੇ ਮੌਕਾਪ੍ਰਸਤ ਲੋਕਾਂ ਦੀ ਪਾਰਟੀ ਬਣ ਗਈ ਹੈ। ਗਰੀਬਾਂ ਅਤੇ ਆਮ ਲੋਕਾਂ ਲਈ ਕਾਂਗਰਸ ਵਿਚ ਕੋਈ ਜਗ੍ਹਾ ਨਹੀਂ ਹੈ। ਪਾਰਟੀ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ। ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਘੁਟਾਲੇ ਦੀ ਨਾ ਢੰਗ ਨਾਲ ਜਾਂਚ ਹੋਈ ਅਤੇ ਨਾ ਹੀ ਕਿਸੇ ਨੂੰ ਸਜ਼ਾ ਮਿਲੀ।

Posted By: Seema Anand