ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਨੇ 18 ਮਾਰਚ, 2023 ਤੋਂ ਸ਼ਾਂਤੀ ਭੰਗ ਦੀ ਸ਼ੰਕਾ ਤੇ ਕਾਨੂੰਨ ਵਿਵਸਥਾ ’ਚ ਗੜਬੜੀ ਦੀ ਸ਼ੰਕਾ ਕਾਰਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਮਾਮਲੇ ਦੀ ਜਾਂਚ ਕਰਨ ਤੇ ਉਨ੍ਹਾਂ ਨੂੰ ਰਿਹਾਅ ਕਰਨ ਲਈ ਆਪਣੀ ਮੁਹਿੰਮ ਜਾਰੀ ਰੱਖੀ ਹੈ। ਕਾਨੂੰਨ ਦੀਆਂ ਨਿਵਾਰਕ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕੁਲ 353 ਵਿਅਕਤੀਆਂ ’ਚੋਂ 197 ਲੋਕਾਂ ਨੂੰ ਅੱਜ ਤਕ ਰਿਹਾਅ ਕਰ ਦਿੱਤਾ ਗਿਆ ਹੈ। ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਸਾਰੇ ਐੱਸਐੱਸਪੀ ਤੇ ਸੀਪੀ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਪਰੇਸ਼ਾਨ ਜਾਂ ਗ੍ਰਿਫ਼ਤਾਰ ਨਾ ਕੀਤਾ ਜਾਵੇ। ਜਾਂਚ ਅਧਿਕਾਰੀਆਂ ਤੇ ਉਨ੍ਹਾਂ ਦੇ ਨਿਗਰਾਨ ਅਧਿਕਾਰੀਆਂ ਨੂੰ ਪਹਿਲਾਂ ਉਪਲਬਧ ਸਬੂਤਾਂ ਦੀ ਜਾਂਚ ਕਰਨੀ ਚਾਹੀਦੀ ਹੈ। ਮੂਲ ਅਪਰਾਧਾਂ ’ਚ ਕਿਸੇ ਵੀ ਨਿਵਾਰਕ ਗ੍ਰਿਫ਼ਤਾਰੀ ਜਾਂ ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ੁਦ ਦੀ ਸੰਤੁਸ਼ਟੀ ਯਕੀਨੀ ਕਰਨੀ ਚਾਹੀਦੀ ਹੈ।

ਡੀਜੀਪੀ ਨੇ ਕਿਹਾ ਕਿ ਨਿਵਾਰਕ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ 353 ਲੋਕਾਂ ਤੋਂ ਇਲਾਵਾ, 40 ਲੋਕਾਂ ਨੂੰ ਗੰਭੀਰ ਅਪਰਾਧਿਕ ਅਪਰਾਧਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੱਤ ਲੋਕਾਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ’ਚ ਲਿਆ ਗਿਆ ਹੈ। ਪੁਲਿਸ ਅਧਿਕਾਰੀ ਉਪਲਬਧ ਸਬੂਤਾਂ ਦੀ ਜਾਂਚ ਕਰ ਕੇ ਸਕਾਰਾਤਮਕ ਨਜ਼ਰੀਆ ਅਪਣਾਉਂਦੇ ਹੋਏ ਠੋਸ ਅਪਰਾਧਿਕ ਅਪਰਾਧਾਂ ਤਹਿਤ ਗ੍ਰਿਫ਼ਤਾਰ ਵਿਅਕਤੀ ਦੀ ਸਥਿਤੀ ਦੀ ਸਮੀਖਿਆ ਕਰਨਗੇ।

ਯਾਦਵ ਨੇ ਸਾਰੇ ਪੰਜਾਬੀਆਂ ਨੂੰ ਸੂਬੇ ’ਚ ਸ਼ਾਂਤੀ ਤੇ ਸਦਭਾਵ ਬਣਾਈ ਰੱਖਣ ਤੇ ਫ਼ਰਜ਼ੀ ਖ਼ਬਰਾਂ ਤੇ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਡੀਜੀਪੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ’ਚ ਹੈ ਤੇ ਪੂਰੀ ਤਰ੍ਹਾਂ ਨਾਲ ਸਥਿਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਫ਼ਵਾਹ ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਐਤਵਾਰ ਨੂੰ ਫਲੈਗ ਮਾਰਚ, ਨਾਕਾਬੰਦੀ, ਗਸ਼ਤ ਕੀਤੀ ਤੇ ਸੂਬੇ ਦੇ ਬਾਜ਼ਾਰਾਂ ਤੇ ਹੋਰਨਾਂ ਅਹਿਮ ਸਥਾਨਾਂ ’ਤੇ ਮੌਜੂਦਗੀ ਬਣਾਈ ਰੱਖੀ। ਪੰਜਾਬ ਪੁਲਿਸ ਸੂਬੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।

Posted By: Jagjit Singh