ਜੇਐੱਸ ਕਲੇਰ, ਜ਼ੀਰਕਪੁਰ : 'ਪੰਜਾਬੀ ਜਾਗਰਣ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ 'ਸਰਗਰਮ ਹੋਈਆਂ ਮਿਲਾਵਟੀ ਮਠਿਆਈਆਂ ਬਣਾਉਣ ਵਾਲੀਆਂ ਫੈਕਟਰੀਆਂ' ਦੀ ਖ਼ਬਰ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਵਿੱਚ ਚੱਲ ਰਹੀਆਂ ਗੈਰ ਮਿਆਰੀ ਮਠਿਆਈਆਂ ਬਣਾਉਣ ਵਾਲੀਆਂ ਖ਼ਿਲਾਫ਼ ਕਥਿਤ ਤੌਰ ਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਜ਼ੀਰਕਪੁਰ ਲਾਗੇ ਢਕੋਲੀ ਵਿਚਲੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਡੇਅਰੀਆਂ ’ਚ ਅਚਨਚੇਤ ਚੈਕਿੰਗ ਕਰਨ ਅਤੇ ਵੱਖ-ਵੱਖ ਵਸਤਾਂ ਦੇ 4 ਸੈਂਪਲ ਭਰ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕਾਰਵਾਈ ਦੇ ਤਹਿਤ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ।

ਜਦਕੀ 'ਪੰਜਾਬੀ ਜਾਗਰਣ' ਵੱਲੋਂ ਜ਼ੀਰਕਪੁਰ ਖ਼ੇਤਰ ਵਿਚ ਸ਼੍ਰੀ ਰਾਮ ਫੂਡਸ, ਲਕਸ਼ਮੀ ਸਵੀਟਸ, ਖਿਆ ਰਾਮ ਸਵੀਟਸ, ਸ਼ਿਵਾ ਸਵੀਟਸ ਅਤੇ ਪਿੰਡ ਨਾਭਾ ਸਾਹਿਬ ਵਿੱਚ ਬੀਨਾ ਨਾਮ ਤੋਂ ਚਲ ਰਹੀਆਂ ਫੈਕਟਰੀਆਂ ਤੇ ਕੁਆਲਟੀ ਨਾਲ ਸਮਝੋਤਾ ਕਰਦੇ ਹੋਏ ਕੁਝ ਮਠਿਆਈ ਦੀਆਂ ਫੈਕਟਰੀਆਂ ਵਾਲਿਆਂ ਵੱਲੋਂ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰਨ ਅਤੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਰਵਾਈ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਉਪਰੋਕਤ ਫੈਕਟਰੀਆਂ ਤੇ ਬਾਜ਼ ਅੱਖ ਬਣਾਈ ਹੋਈ ਸੀ। ਜਦਕੀ ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਨੇ ਪੰਜਾਬੀ ਜਾਗਰਣ ਨੂੰ ਭਰੋਸਾ ਦਿੱਤਾ ਕਿ ਉਹ ਸ਼ੁਕਰਵਾਰ ਨੂੰ ਨਾਇਬ ਤਹਿਸੀਲਦਾਰ ਜ਼ੀਰਕਪੁਰ ਦੀ ਡੀਊਟੀ ਲਗਾ ਕੇ ਪੜਤਾਲ ਕਰਵਾਉਣ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ। ਫ਼ੂਡ ਸੇਫ਼ਟੀ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਦਾਅਵਾ ਕੀਤਾ ਗਿਆ ਕਿ ਵਿਭਾਗ ਦੇ ਅਧਿਕਾਰੀ ਰਵੀਨੰਦਨ ਗੋਇਲ ਨੇ ਵੱਲੋਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਦੀਆਂ ਹਦਾਇਤਾਂ ’ਤੇ ਫ਼ੂਡ ਸੇਫ਼ਟੀ ਟੀਮ ਨੇ ਮਠਿਆਈਆਂ ਦੀ ਗੁੁਣਵੱਤਾ ਅਤੇ ਮਿਆਦ ਜਾਂਚੀ ਤੇ ਨਾਲ ਹੀ ਦੁਕਾਨਦਾਰਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਦਾਅਵਾ ਕਿਤਾ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਭਧ ਕਰਾਉਣ ਦੇ ਉਦੇਸ਼ ਨਾਲ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਤੂਬਰ ਮਹੀਨੇ ਵਿਚ ਹੁਣ ਤਕ ਜ਼ੀਰਕਪੁਰ ਖ਼ੇਤਰ ਵਿਚ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਕੁਲ 14 ਸੈਂਪਲ ਲਏ ਗਏ ਹਨ।

ਉਨ੍ਹਾਂ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਮਿਲਾਵਟੀ, ਬੇਮਿਆਰੀ ਅਤੇ ਮਿਆਦ-ਪੁੱਗੀਆਂ ਮਠਿਆਈਆਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਗੋਇਲ ਨੇ ਕਾਰੋਬਾਰੀਆਂ ਨੂੰ ਮਠਿਆਈਆਂ ਦੀ ਟਰੇਅ ਉਤੇ ਮਠਿਆਈਆਂ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਦਰਸਾਉਣ ਦੀ ਵੀ ਹਦਾਇਤ ਕਰਨ ਦਾ ਵੀ ਦਾਅਵਾ ਕੀਤਾ ਜਦਕੀ ਪੰਜਾਬੀ ਜਾਗਰਣ ਵੱਲੋਂ ਉਕਤ ਫੈਕਟਰੀਆਂ ਵਿੱਚ ਪੈਕ ਕੀਤੀ ਗਈ ਮਠਿਆਈਆਂ ਦੇ ਦੱਬਿਆ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਤੇ ਮਿਆਦ ਖ਼ਤਮ ਹੋਣ ਦੀ ਕੋਈ ਤਰੀਕ ਨਹੀਂ ਦਰਸ਼ਾਈ ਗਈ ਸੀ। ਦਾਅਵੇ ਮੁਤਾਬਕ ਟੀਮ ਵੱਲੋਂ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂੰ ਕਰਾਇਆ। ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿਚ ਬਹੁਤੀ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ। ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਲਈ ਵੀ ਆਖਿਆ ਗਿਆ। ਦੁਕਾਨਦਾਰਾਂ ਨੂੰ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣ ਦੀ ਹਦਾਇਤ ਦਿਤੀ ਗਈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ ਗਿਆ ਜਦਕੀ ਜ਼ਮੀਨੀ ਹਾਲਾਤ ਇਸ ਤੋਂ ਉਲਟ ਸਨ। ਉਨ੍ਹਾਂ ਲੋਕਾਂ ਨੂੰ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਵੀ ਕੀਤੀ।

Posted By: Rajnish Kaur