ਸਟੇਟ ਬਿਊਰੋ, ਚੰਡੀਗਡ਼੍ਹ : ਪਟਿਆਲਾ ਦੇ ਇਕ ਡੀਐੱਸਪੀ ਖ਼ਿਲਾਫ਼ ਉਸੇ ਦੇ ਮਕਾਨ ’ਚ ਸੱਤ ਸਾਲਾਂ ਤੋਂ ਬਤੌਰ ਕਿਰਾਏਦਾਰ ਆਪਣੇ ਪਰਿਵਾਰ ਸਮੇਤ ਰਹਿ ਰਹੀ ਇਕ ਔਰਤ ਨੇ ਦੋਸ਼ ਲਗਾਏ ਹਨ ਕਿ ਡੀਐੱਸਪੀ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਤੇ ਕਿਸੇ ਨੂੰ ਸ਼ਿਕਾਇਤ ਕਰਨ ’ਤੇ ਪੂਰੇ ਪਰਿਵਾਰ ਦੇ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੰਦਾ ਰਿਹਾ।

ਔਰਤ ਤੇ ਉਸ ਦਾ ਪਤੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚੁੱਪ ਰਹੇ ਪਰ ਹੁਣ ਔਰਤ ਦੇ ਦੋਵੇਂ ਪੁੱਤਰ ਵਿਦੇਸ਼ ਚਲੇ ਗਏ ਹਨ ਜਿਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪਰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਗਠਿਤ ਕੀਤੀ ਗਈ ਐੱਸਆਈਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਮਹਿਲਾ ਨੇ ਐਡਵੋਕੇਟ ਐੱਸ ਕੇ ਗਰਗ ਨਰਵਾਨਾ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਡੀਐੱਸਪੀ ਖ਼ਿਲਾਫ਼ ਮਾਮਲਾ ਦਰਜ ਕਰਨ ਤੇ ਉਸ ਦੇ ਤੇ ਪਰਿਵਾਰ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ। ਜਸਟਿਸ ਰਾਜਮੋਹਨ ਸਿੰਘ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਰਕਾਰ ਤੇ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ 18 ਅਕਤੂਬਰ ਤਕ ਅਦਾਲਤ ’ਚ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਆਦੇਸ਼ ਦਿੱਤੇ ਹਨ।

Posted By: Neha Diwan