ਇਕਬਾਲ ਸਿੰਘ, ਡੇਰਾਬੱਸੀ : ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੀ ਕਾਲ 'ਤੇ ਸਮੂਹਿਕ ਛੁੱਟੀ 'ਤੇ ਚੱਲ ਰਹੇ ਮਾਲ ਵਿਭਾਗ ਦੇ ਅਫ਼ਸਰਾਂ ਦੇ ਕਾਰਨ ਅੱਜ ਦੂਜੇ ਦਿਨ ਵੀ ਸਬ ਰਜਿਸਟਰਾਰ ਦਫਤਰ ਸਮੇਤ ਤਹਿਸੀਲ ਦਫਤਰਾਂ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਐਸੋਸੀਏਸ਼ਨ ਨੇ ਸ਼ੁੱਕਰਵਾਰ ਤਕ ਪੰਜਾਬ 'ਚ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਜਿਸ ਕਾਰਨ ਸੋਮਵਾਰ 29 ਨਵੰਬਰ ਤੋਂ ਪਹਿਲੇ ਤਹਿਸੀਲ ਦਫ਼ਤਰ 'ਚ ਤਮਾਮ ਕੰਮਕਾਜ ਠੱਪ ਰਹਿਣਗੇ। ਸੋਮਵਾਰ ਬਾਰੇ ਫ਼ੈਸਲਾ ਵੀ ਸ਼ੁੱਕਰਵਾਰ ਨੂੰ ਹੀ ਲਿਆ ਜਾਵੇਗਾ। ਅਫ਼ਸਰਾਂ ਦੀ ਹੜਤਾਲ ਦੇ ਕਾਰਨ ਸ਼ੁੱਕਰਵਾਰ ਤਕ ਸਬ ਰਜਿਸਟਰਾਰ ਦਫ਼ਤਰਾਂ 'ਚ ਰਜਿਸਟਰੀਆਂ ਬੰਦ ਹਨ। ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਦੁਆਰਾ ਹਲਫਨਾਮੇ ਸਹਿਤ ਕਿਸੀ ਤਰ੍ਹਾਂ ਦੇ ਦਸਤਾਵੇਜ਼ ਦੀ ਤਸਦੀਕ ਵੀ ਬੰਦ ਹੈ। ਉਨ੍ਹਾਂ ਲੋਕਾਂ ਦੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਿਨਾਂ੍ਹ ਨੇ ਰਜਿਸਟਰੀ ਕਰਵਾਉਣ ਲਈ ਆਨਲਾਈਨ ਅਪੁਆਇੰਟਮੈਂਟ ਲਈ ਹੋਈ ਸੀ। ਹੁਣ ਉਨ੍ਹਾਂ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਦੁਬਾਰਾ ਅਪੁਆਇੰਟਮੈਂਟ ਲੈਣੀ ਹੋਵੇਗੀ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਵਿਚ ਫੜੇ ਗਏ ਨਾਇਬ ਤਹਿਸੀਲਦਾਰ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਇਹ ਹੜਤਾਲ ਚੱਲ ਰਹੀ ਹੈ। ਐਸੋਸੀਏਸ਼ਨ ਦਾ ਦੋਸ਼ ਹੈ ਕਿ ਵਿਜੀਲੈਂਸ ਦੇ ਡੀਐੱਸਪੀ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਨਾਇਬ ਤਹਿਸੀਲਦਾਰ ਨੂੰ ਗਲਤ ਦੋਸ਼ 'ਚ ਗਿ੍ਫਤਾਰ ਕੀਤਾ ਹੈ। ਮਾਲ ਅਫਸਰਾਂ ਨੂੰ ਵਿਜੀਲੈਂਸ ਵੱਲੋਂ ਪੇ੍ਸ਼ਾਨ ਕੀਤਾ ਜਾਂਦਾ ਹੈ ਅਤੇ ਆਏ ਦਿਨ ਸਬ ਰਜਿਸਟਰਾਰ ਦਫ਼ਤਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿਚ ਯੂਨੀਅਨ ਨੇ ਪੂਰੇ ਸੂਬੇ ਵਿਚ ਸ਼ੁੱਕਰਵਾਰ ਤਕ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ। ਸ਼ੁੱਕਰਵਾਰ ਤੋਂ ਬਾਅਦ ਹੜਤਾਲ ਅੱਗੇ ਵਧਾਈ ਜਾਵੇਗੀ ਜਾਂ ਖ਼ਤਮ ਕੀਤੀ ਜਾਵੇਗੀ। ਇਸ ਬਾਰੇ ਫੈਸਲਾ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਲਿਆ ਜਾਵੇਗਾ।