ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ 'ਚ ਸਰਗਰਮ ਇਕ ਨੌਸਰਬਾਜ਼ ਨੇ ਸ਼ਹਿਰ ਦੀ ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਚਨਾਲੋਂ ਦੀ ਇਕ ਖ਼ੇਤੀ ਸਮੱਗਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਅੱਗੇ ਬੈਠੇ ਦੁਕਾਨਦਾਰ ਦੇ ਪਿਤਾ ਤੇ ਭਰਾ ਨੂੰ ਚਕਮਾ ਦੇ ਉਨ੍ਹਾਂ ਦੇ ਗੱਲੇ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਸੰਬਧੀ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿੰਡ ਚਨਾਲੋਂ ਦੇ ਵਸਨੀਕ ਅਮਰਜੀਤ ਸਿੰਘ ਗੋਗੀ ਪੁੱਤਰ ਸਰਵਣ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਆਪਣੀ ਦੁਕਾਨ ਧਮੜੈਤ ਪੈਸਟੀਸਾਈਡਜ਼ ਤੇ ਸੀਡ ਸਟੋਰ 'ਤੇ ਆਪਣੇ ਪਿਤਾ ਸਰਵਣ ਸਿੰਘ ਨੂੰ ਬਿਠਾ ਕੇ ਕਿਸੇ ਕੰਮ ਲਈ ਖਰੜ ਨੂੰ ਗਿਆ ਸੀ। ਉਸ ਨੇ ਦੱਸਿਆ ਕਿ ਤਰਕੀਬਨ 9 :45 ਵਜੇ ਦੁਕਾਨ ਤੋਂ ਉਸ ਦੇ ਪਿਤਾ ਦਾ ਫੋਨ ਆਇਆ ਕਿ ਉਨ੍ਹਾਂ ਦਾ ਗੱਲਾ ਖ਼ਾਲੀ ਪਿਆ ਹੈ ਤੇ ਉਸ 'ਚੋਂ ਨਕਦੀ ਗਾਇਬ ਹੈ। ਉਸ ਨੇ ਦੱਸਿਆ ਕਿ ਉਨਾਂ੍ਹ ਦੀ ਦੁਕਾਨ ਦੇ ਗੱਲੇ ਵਿਚ ਉਸ ਵੱਲੋਂ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਕਿਸੇ ਪਾਰਟੀ ਦੀ ਪੇਮੈਂਟ ਕਰਨ ਲਈ ਰੱਖੀ ਹੋਈ ਸੀ। ਇਸੇ ਦੌਰਾਨ ਉਨਾਂ੍ਹ ਨੇ ਆਪਣੀ ਦੁਕਾਨ ਦੇ ਨੇੜੇ ਹੋਰਨਾਂ ਦੁਕਾਨਾਂ ਦੇ ਬਾਹਰ ਲੱਗੇ ਹੋਏ ਕੈਮਰੇ ਦੇਖੇ। ਕੈਮਰਿਆਂ ਦੀ ਰਿਕਾਰਡਿੰਗ ਦੇਖਣ ਦੌਰਾਨ ਪਤਾ ਲੱਗਿਆ ਕਿ ਉਨਾਂ੍ਹ ਦੀ ਦੁਕਾਨ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਹੋਕੇ ਇਕ ਨੌਜਵਾਨ ਤੇ ਇਕ ਲੜਕੀ ਆਏ ਸਨ। ਉਸ ਨੌਜਵਾਨ ਵੱਲੋਂ ਆਪਣਾ ਮੋਟਰਸਾਈਕਲ ਦੁਕਾਨ ਦੇ ਬੰਦ ਪਏ ਦੂਸਰੇ ਸ਼ਟਰ ਦੇ ਨੇੜੇ ਖੜ੍ਹਾ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਅਮਰਜੀਤ ਸਿੰਘ ਗੋਗੀ ਨੇ ਦੱਸਿਆ ਕਿ ਉਸ ਦਾ ਪਿਤਾ ਦੁਕਾਨ ਦੇ ਵੱਲ ਪਿੱਠ ਕਰ ਕੇ ਧੁੱਪ ਵਿਚ ਸੜਕ ਵੱਲ ਨੂੰ ਮੂੰਹ ਕਰ ਕੇ ਬੈਠਾ ਸੀ। ਅਮਰਜੀਤ ਸਿੰਘ ਦੇ ਭਰਾ ਸਤਵਿੰਦਰ ਸਿੰਘ ਬਿੰਦਰ ਨੇ ਦੱਸਿਆ ਕਿ ਉਹ ਆਪਣੀ ਨਾਲ ਲੱਗਦੀ ਦੁਕਾਨ 'ਚ ਇਕ ਗਾਹਕ ਨੂੰ ਸੀਮਿੰਟ ਦਾ ਥੈਲਾ ਦੇ ਰਿਹਾ ਸੀ। ਉਸ ਨੇ ਦੇਖਿਆ ਕਿ ਉਸੇ ਦੌਰਾਨ ਉਸ ਨੌਸਰਬਾਜ਼ ਨੌਜਵਾਨ ਆਪਣੇ ਕੰਨ ਨੂੰ ਫੋਨ ਲਗਾਉਣ ਦਾ ਡਰਾਮਾ ਕਰਦਾ ਹੋਇਆ ਉਸ ਦੇ ਭਰਾ ਦੀ ਦੁਕਾਨ 'ਚ ਫੁਰਤੀ ਨਾਲ ਦਾਖਲ ਹੋ ਗਿਆ। ਇਸੇ ਦੌਰਾਨ ਉਸ ਨੇ ਦੁਕਾਨ ਦੇ ਗੱਲੇ ਵਿਚ ਪਈ ਕਰੀਬ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਜਿੰਨੇ ਸਮੇਂ ਵਿਚ ਦੁਕਾਨ ਦੇ ਬਾਹਰ ਬੈਠੇ ਉਸ ਦੇ ਪਿਤਾ ਸਰਵਣ ਸਿੰਘ ਤੇ ਉਥੇ ਮੌਜੂਦ ਉਸ ਦੇ ਦੂਸਰੇ ਭਰਾ ਸਤਵਿੰਦਰ ਸਿੰਘ ਬਿੰਦਰ ਨੂੰ ਕੁਝ ਸਮਝ ਆਉਂਦੀ ਤਾਂ ਉਹ ਨੌਸਰਬਾਜ਼ ਉੱਥੋਂ ਰਫ਼ੂ ਚੱਕਰ ਹੋ ਗਿਆ। ਕੈਮਰਿਆਂ ਤੋਂ ਇਕ ਵੀਡਿਓ ਬਣਾਕੇ ਉਨਾਂ੍ਹ ਵੱਲੋਂ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।