ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਵਿਦੇਸ਼ ਭੇਜਣ ਦੇ ਬਹਾਨੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇਣ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਹੋਰ ਸਖਤ ਕਾਰਵਾਈ ਕਰਨ ਲਈ ਲੋਕ ਆਪਣੀਆਂ ਸ਼ਿਕਾਇਤਾਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ (ਡੀਬੀਈਈ) ਕੋਲ ਦਰਜ ਕਰਵਾ ਸਕਦੇ ਹਨ।

ਇਸ ਸਬੰਧੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਸ਼ਿਕਾਇਤਾਂ ਨਾਲ ਨਜਿੱਠਣ ਅਤੇ ਗਲਤ ਟਰੈਵਲ ਏਜੰਟਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਡੀਬੀਈਈ ਨੂੰ ਇਕ ਨੋਡਲ ਏਜੰਸੀ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀਬੀਈਈ ਨੂੰ ਪੰਜਾਬ ਸਰਕਾਰ ਦੁਆਰਾ ਮਨੁੱਖੀ ਤਸਕਰੀ ਰੋਕਥਾਮ ਐਕਟ 2012/ਪੰਜਾਬ ਟਰੈਵਲਜ਼ ਪੋ੍ਫੈਸ਼ਨਲ ਰੈਗੂਲੇਸ਼ਨ ਐਕਟ 2014 ਰਾਹੀਂ ਵਿਦੇਸ਼ ਯਾਤਰਾ, ਵਿਦੇਸ਼ੀ ਪੜ੍ਹਾਈ ਤੇ ਰੁਜ਼ਗਾਰ ਨਾਲ ਸਬੰਧਤ ਧੋਖਾਧੜੀ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਨੋਡਲ ਏਜੰਸੀ ਬਣਾਈ ਗਈ ਹੈ।

ਗੋਇਲ ਨੇ ਦੱਸਿਆ ਕਿ ਪੀੜਤ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਪਛਾਣ ਪੱਤਰ ਦੇ ਨਾਲ ਡੀਬੀਈਈ ਦਫ਼ਤਰ 'ਚ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨਾਂ੍ਹ ਕਿਹਾ ਕਿ ਜੇ ਕੋਈ ਟਰੈਵਲ ਏਜੰਟ ਬਿਨਾਂ ਲਾਇਸੈਂਸ ਜਾਂ ਮਿਆਦ ਖਤਮ ਹੋਏ ਲਾਇਸੈਂਸ ਜਾਂ ਕੋਈ ਗੈਰ-ਰਜਿਸਟਰਡ ਏਜੰਟ ਸਾਡੇ ਨੋਟਿਸ 'ਚ ਆਉਂਦਾ ਹੈ ਤਾਂ ਮੁਲਜ਼ਮ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਟਰੈਵਲ ਏਜੰਟਾਂ ਦੀ ਜਾਣਕਾਰੀ ਦੇ ਨਾਲ ਐੱਫਆਈਆਰ ਦੀਆਂ ਕਾਪੀਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਅਪਲੋਡ ਕੀਤੀਆਂ ਜਾਣਗੀਆਂ ਤਾਂ ਜੋ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨਾਂ੍ਹ ਦੱਸਿਆ ਕਿ ਹਰਪ੍ਰਰੀਤ ਸਿੰਘ ਸਿੱਧੂ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਫ਼ਸਰ ਅਤੇ ਸਿਖਲਾਈ ਅਫ਼ਸਰ, ਮੋਹਾਲੀ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।